ਭੋਗਪੁਰ :
ਨਗਰ ਕੌਂਸਲ ਦੇ ਆਉਟਸੋਰਸ ਮੁਲਾਜ਼ਮਾਂ ਨੇ ਸਰਕਾਰ ਵੱਲੋਂ ਠੇਕੇਦਾਰੀ ਨੀਤੀ ਦਾ ਵਿਰੋਧ ਕਰਦਿਆਂ ਪਿਛਲੇ ਕੁਝ ਦਿਨਾਂ ਤੋਂ ਨਗਰ ਕੌਂਸਲ ਦਫ਼ਤਰ ਭੋਗਪੁਰ ਦੇ ਬਾਹਰ ਧਰਨਾ ਦਿੱਤਾ ਹੋਇਆ ਹੈ। ਇਸ ਸਬੰਧੀ ਪ੍ਰੈੱਸ ਨਾਲ ਗੱਲ ਕਰਦਿਆਂ ਪ੍ਰਧਾਨ ਰਾਜ ਕੁਮਾਰ ਰਾਜੂ, ਸੁਰੇਸ਼ ਕੁਮਾਰ ਤੇ ਅਸ਼ੋਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਭੋਗਪੁਰ ’ਚ ਆਉਟਸੋਰਸ ’ਤੇ ਕੰਮ ਕਰ ਰਹੇ ਸਾਰੇ ਮੁਲਾਜ਼ਮਾਂ ਨੂੰ ਸਫਾਈ ਸੇਵਕ ਦੀ ਤਰ੍ਹਾਂ ਕੰਟਰੈਕਟ ’ਤੇ ਭਰਤੀ ਕੀਤਾ ਜਾਵੇ ਤੇ ਆਉਟਸੋਰਸ ਸਿਸਟਮ ਖਤਮ ਕਰ ਦਿੱਤਾ ਜਾਵੇ। ਉਨ੍ਹਾਂ ਦੀ ਮੰਗ ਹੈ ਕਿ ਸਫਾਈ ਸੇਵਕਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਇਸ ਲਈ ਤਿੰਨ ਸਾਲ ਦੀ ਪਾਲੀਸੀ ਤਿਆਰ ਕੀਤੀ ਜਾਵੇ। ਇਸ ਤਰ੍ਹਾਂ ਦੀ ਪਾਲੀਸੀ ਭਾਰਤ ਸਰਕਾਰ ਵੱਲੋਂ ਕਾਫੀ ਸਮੇਂ ਤੋਂ ਚੱਲ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਵੀ ਇਸਨੂੰ ਲਾਗੂ ਕੀਤਾ ਗਿਆ ਹੈ। ਉਨਾਂ ਇਹ ਵੀ ਕਿਹਾ ਕਿ ਆਉਟਸੋਰਸ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਾਲਾਨਾ 10 ਆਮ ਛੁੱਟੀਆਂ ਤੇ 10 ਬਿਮਾਰੀ ਦੀਆਂ ਛੁੱਟੀਆਂ ਮਿਲਣ ਦੇ ਨੋਟੀਫਿਕੇਸ਼ਨ ਜਾਰੀ ਹੋਣ ਚਾਹੀਦੇ ਹਨ। ਫੈਡਰੇਸ਼ਨ ਵੱਲੋਂ ਪੁਰਜੋਰ ਬੇਨਤੀ ਕੀਤੀ ਗਈ ਹੈ ਕਿ ਓਵਰਏਜ ਸਫਾਈ ਸੇਵਕਾਂ ਤੇ ਸਿਵਰਮੈਨਾ ਲਈ ਯੋਗ ਪਾਲੀਸੀ ਤਿਆਰ ਕੀਤੀ ਜਾਵੇ, ਤਾਂ ਜੋ ਉਨਾਂ ਦਾ ਬਣਦਾ ਹੱਕ ਮਿਲ ਸਕੇ। ਉਨਾਂ ਨੇ ਇਹ ਵੀ ਕਿਹਾ ਕਿ ਪੰਜਾਬ ’ਚ ਕੰਟਰੈਕਟ ਤੇ ਭਰਤੀ ਹੋਏ ਸਫਾਈ ਸੇਵਕਾਂ ਦੀ ਮੌਤ ਦੇ ਮਾਮਲਿਆਂ ’ਚ ਬਿਨਾਂ ਕਿਸੇ ਸ਼ਰਤ ਦੇ ਉਨ੍ਹਾਂ ਨੂੰ ਨੌਕਰੀ ਮਿਲਣ ਦੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਇਸ ਮੌਕੇ ’ਤੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮੰਗਾਂ ਨਾ ਮੰਨਣ ਤੱਕ ਅਣਮਿੱਥੇ ਸਮੇਂ ਲਈ ਕੰਮ ਬੰਦ ਕਰਨ ਦਾ ਇਸ਼ਾਰਾ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਦੇ ਠੇਕੇਦਾਰੀ ਸਿਸਟਮ ਨਾਲ ਪੰਜਾਬ ’ਚ ਲਗਭਗ 35,000 ਲੋਕ ਬੇਰੋਜ਼ਗਾਰ ਹੋ ਜਾਣਗੇ ਤੇ ਇਸ ਸਿਸਟਮ ਨੂੰ ਬੰਦ ਕਰਨ ਦੀ ਮੰਗ ਕੀਤੀ।
ਆਉਟਸੋਰਸ ਮੁਲਾਜ਼ਮਾਂ ਦਾ ਠੇਕੇਦਾਰੀ ਨੀਤੀ ਖ਼ਿਲਾਫ਼ ਧਰਨਾ ਜਾਰੀ

Leave a Comment