ਸ਼ਹੀਦ ਲਖਵੀਰ ਕੁਮਾਰ ਨੂੰ ਵੱਖ-ਵੱਖ ਸਖਸ਼ੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ
ਸ਼ਹੀਦ ਦੀ ਪਤਨੀ ਸੁਪਰਡੰਟ ਆਸ਼ਾ ਰਾਣੀ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਸਕੂਲ ਨੂੰ 10 ਹਜ਼ਾਰ ਰੁਪਏ ਦਾ ਚੈਕ ਭੇਟ
ਜਲੰਧਰ,
ਭਾਰਤ ਤਿੱਬਤ ਸੀਮਾ ਪੁਲਿਸ ਫੋਰਸ ਵਿੱਚ ਤਾਇਨਾਤ ਹੈਡ ਕਾਂਸਟੇਬਲ ਲਖਵੀਰ ਕੁਮਾਰ ਨੂੰ ਉਨ੍ਹਾਂ ਦੇ ਸ਼ਹਾਦਤ ਦਿਵਸ ਮੌਕੇ ਬੂਟਾ ਸੁਮਨ ਕਮਾਂਡੈਂਟ 30ਵੀਂ ਬਟਾਲੀਅਨ ਭਾਰਤ ਤਿੱਬਤ ਸੀਮਾ ਪੁਲਿਸ ਬੱਲ ਦੀ ਅਗਵਾਈ ਵਿੱਚ ਸ਼ਹੀਦ ਦੇ ਜੱਦੀ ਪਿੰਡ ‘ਸ਼ਹੀਦ ਹੈਡ ਕਾਂਸਟੇਬਲ ਲਖਵੀਰ ਕੁਮਾਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ’ ਜਲੰਧਰ ਵਿਖੇ ਸਰਧਾਂਜ਼ਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਰੋਹਿਤ ਜਿੰਦਲ ਵੀ ਮੌਜੂਦ ਸਨ। ਵੱਖ-ਵੱਖ ਸ਼ਖਸੀਅਤਾਂ ਵਲੋਂ ਸ਼ਹੀਦ ਲਖਵੀਰ ਕੁਮਾਰ ਦੀ ਯਾਦ ਵਿੱਚ ਸਕੂਲ ਵਿਖੇ ਬਣਾਏ ਗਏ ਸ਼ਹੀਦੀ ਸਮਾਰਕ ’ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸਰਧਾਂਜ਼ਲੀਆਂ ਭੇਟ ਕੀਤੀਆ ਗਈਆਂ। ਸਹਾਇਕ ਕਮਾਂਡੈਂਟ ਅਰੁਣ ਕੁਮਾਰ ਟਾਂਕ ਵਲੋਂ ਸਕੂਲੀ ਬੱਚਿਆਂ ਨੂੰ ਸ਼ਹੀਦ ਲਖਵੀਰ ਕੁਮਾਰ ਦੇ ਜੀਵਨ ਅਤੇ ਬਹਾਦਰੀ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਗਿਆ। ਸਹਾਇਕ ਕਮਿਸ਼ਨਰ (ਜ) ਰੋਹਿਤ ਜਿੰਦਲ ਨੇ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਸ਼ਹੀਦ ਲਖਵੀਰ ਕੁਮਾਰ ਵਲੋਂ ਦੇਸ਼ ਦੀ ਖਾਤਿਰ ਦਿੱਤਾ ਗਿਆ ਬਲੀਦਾਨ ਹਮੇਸ਼ਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਭਗਤੀ ਦੀ ਪ੍ਰੇਰਣਾ ਦਿੰਦਾ ਰਹੇਗਾ। ਇਸ ਮੌਕੇ ਸ਼ਹੀਦ ਲਖਵੀਰ ਕੁਮਾਰ ਦੀ ਪਤਨੀ ਆਸ਼ਾ ਕੁਮਾਰੀ ਜੋ ਕਿ ਡਿਪਟੀ ਕਮਿਸ਼ਨਰ ਦਫ਼ਤਰ ਬਤੌਰ ਸੁਪਰਡੰਟ ਲੋਕਾਂ ਦੀ ਸੇਵਾ ਕਰ ਰਹੇ ਹਨ, ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸ਼ਹੀਦ ਦੀ ਪਤਨੀ ਸੁਪਰੰਡਟ ਆਸ਼ਾ ਰਾਣੀ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ 10 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਵੀ ਸਕੂਲ ਨੂੰ ਭੇਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਯੋਗੇਸ਼ ਕੁਮਾਰ, ਸੁਖਵਿੰਦਰ ਕੁਮਾਰ, ਮਦਨ ਲਾਲ ਅਤੇ ਅਧਿਆਪਕ ਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।