ਅੰਮ੍ਰਿਤਸਰ,Major Times
ਅੰਮ੍ਰਿਤਸਰ ਦੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵੱਲ ਵੱਡਾ ਕਦਮ ਚੁੱਕਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨਹਿਰੀ ਪਾਣੀ ਆਧਾਰਿਤ ਬਹੁਪੱਖੀ ਜਲ ਸਪਲਾਈ ਸਕੀਮ ਕੰਦੋਵਾਲੀ ਐਂਡ ਮੱਜੂਪੁਰਾ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਮੇਤ ਵਿਭਾਗ ਦੇ ਉੱਚ ਅਧਿਕਾਰੀ ਅਤੇ ਇਲਾਕੇ ਦੇ ਲੋਕ ਮੌਜੂਦ ਰਹੇ।
45 ਹਜ਼ਾਰ ਤੋਂ ਵੱਧ ਘਰਾਂ ਤੱਕ ਪਹੁੰਚੇਗਾ ਸਾਫ਼ ਪਾਣੀ
ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 266.95 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਇਸ ਯੋਜਨਾ ਤਹਿਤ ਅਜਨਾਲਾ, ਹਰਸ਼ਾ ਛੀਨਾ, ਮਜੀਠਾ ਅਤੇ ਚੋਗਾਵਾਂ ਬਲਾਕਾਂ ਦੇ 167 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।
ਇਸ ਯੋਜਨਾ ਰਾਹੀਂ ਲਗਭਗ 45,343 ਘਰਾਂ ਦੇ 2,65,994 ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ।
39 ਐਮਐਲਡੀ ਦਾ ਵਾਟਰ ਟ੍ਰੀਟਮੈਂਟ ਪਲਾਂਟ
ਪ੍ਰਾਜੈਕਟ ਤਹਿਤ ਅਪਰ ਬਾਰੀ ਦੁਆਬ ਨਹਿਰ ਦੀ ਲਾਹੌਰ ਬਰਾਂਚ ’ਤੇ ਕੰਦੋਵਾਲੀ ਅਤੇ ਮੱਜੂਪੁਰਾ ਵਿਖੇ 39 ਐਮਐਲਡੀ ਸਮਰੱਥਾ ਵਾਲਾ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਿਤ ਕੀਤਾ ਗਿਆ ਹੈ। ਨਹਿਰੀ ਪਾਣੀ ਨੂੰ ਟਰੀਟ ਕਰਕੇ ਪੀਣ ਯੋਗ ਬਣਾਉਣ ਤੋਂ ਬਾਅਦ ਪਾਈਪਲਾਈਨ ਨੈੱਟਵਰਕ ਰਾਹੀਂ ਪਿੰਡਾਂ ਤੱਕ ਪਹੁੰਚਾਇਆ ਜਾਵੇਗਾ।
ਯੋਜਨਾ ਅਧੀਨ ਕਰੀਬ 285.97 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾ ਰਹੀ ਹੈ, ਜਦਕਿ ਵੱਖ-ਵੱਖ ਪਿੰਡਾਂ ਵਿੱਚ 20 ਜਲ ਟੈਂਕੀਆਂ ਵੀ ਬਣਾਈਆਂ ਜਾਣੀਆਂ ਹਨ।
ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਘਟਾਉਣ ਦਾ ਟੀਚਾ
ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਮੁੱਖ ਮਕਸਦ ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਘਟਾ ਕੇ ਲੋਕਾਂ ਨੂੰ ਨਹਿਰੀ ਪਾਣੀ ਆਧਾਰਿਤ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਇਲਾਕੇ ਦੇ ਕੁਝ ਪਿੰਡਾਂ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਟੀਡੀਐਸ ਅਤੇ ਆਰਸੇਨਿਕ ਵਰਗੇ ਤੱਤਾਂ ਦੀ ਮਾਤਰਾ ਵੱਧ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਸਮੱਸਿਆ ਸਾਹਮਣੇ ਆ ਰਹੀ ਸੀ। ਨਵੀਂ ਯੋਜਨਾ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਣ ਦੀ ਉਮੀਦ ਹੈ।
2020 ਵਿੱਚ ਸ਼ੁਰੂ ਹੋਇਆ ਸੀ ਪ੍ਰਾਜੈਕਟ
ਵਿਭਾਗ ਮੁਤਾਬਕ ਇਸ ਪ੍ਰਾਜੈਕਟ ਦਾ ਕੰਮ 10 ਨਵੰਬਰ 2020 ਨੂੰ ਸ਼ੁਰੂ ਕੀਤਾ ਗਿਆ ਸੀ। ਯੋਜਨਾ ਮੁਕੰਮਲ ਹੋਣ ਤੋਂ ਬਾਅਦ ਇਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਸਬੰਧਤ ਏਜੰਸੀ ਵੱਲੋਂ 10 ਸਾਲ ਤੱਕ ਨਿਭਾਈ ਜਾਵੇਗੀ।
ਮੰਤਰੀ ਨੇ ਕਿਹਾ ਕਿ ਸਾਫ਼ ਪਾਣੀ ਦੀ ਉਪਲਬਧਤਾ ਨਾਲ ਲੋਕਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਤੋਂ ਬਚਾਉਣ ਅਤੇ ਪੇਂਡੂ ਵਸਨੀਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।
ਵਿਧਾਇਕ ਧਾਲੀਵਾਲ ਨੇ ਸਰਕਾਰ ਦਾ ਕੀਤਾ ਧੰਨਵਾਦ
ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਪ੍ਰਾਜੈਕਟ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੋਜਨਾ ਨਾਲ ਹਲਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਪੀਣ ਵਾਲਾ ਪਾਣੀ ਮਿਲੇਗਾ।
ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਅਤੇ ਜਲ ਸਪਲਾਈ ਮੰਤਰੀ ਦਾ ਵੀ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਧੰਨਵਾਦ ਕੀਤਾ। ਵਿਭਾਗ ਦੇ ਪ੍ਰਬੰਧਕੀ ਸਕੱਤਰ ਰਾਮਵੀਰ ਨੇ ਵੀ ਯੋਜਨਾ ਤਹਿਤ ਕਵਰ ਕੀਤੇ ਜਾ ਰਹੇ 167 ਪਿੰਡਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਰਕਾਰ ਮੁਤਾਬਕ, ਇਸ ਯੋਜਨਾ ਦਾ ਮਕਸਦ ਅੰਮ੍ਰਿਤਸਰ ਦੇ ਪੇਂਡੂ ਖੇਤਰਾਂ ਵਿੱਚ ਹਰ ਘਰ ਤੱਕ ਸਾਫ਼ ਪਾਣੀ ਪਹੁੰਚਾਉਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਨੂੰ ਘਟਾਉਣਾ ਹੈ।
