ਜਲੰਧਰ :
ਜਲੰਧਰ ਦੇ ਲੋਕਾਂ ਨੂੰ ਹੁਣ ਟ੍ਰੈਫਿਕ ਨਿਯਮਾਂ ਦੀ ਪਾਲਣਾ ਹਰ ਹਾਲਤ ’ਚ ਕਰਨੀ ਪਵੇਗੀ ਕਿਉਂਕਿ ਹੁਣ ਪੁਲਿਸ ਕਿਸੇ ਵੀ ਨਿਯਮ ਤੋੜਨ ਵਾਲੇ ਨੂੰ ਰੋਕੇਗੀ ਨਹੀਂ, ਬਲਕਿ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਕੈਮਰੇ ਰਾਹੀਂ ਦੇਖ ਕੇ ਚਲਾਨ ਕੱਟਿਆ ਜਾਵੇਗਾ ਤੇ ਉਨਾਂ ਨੂੰ ਮੈਸੇਜ ਰਾਹੀਂ ਮੋਬਾਈਲ ਤੇ ਭੇਜਿਆ ਜਾਵੇਗਾ। ਸੋਮਵਾਰ ਨੂੰ ਡੀਜੀਪੀ ਗੌਰਵ ਯਾਦਵ ਨੇ ਪੁਲਿਸ ਲਾਈਨ ’ਚ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਲਈ ਹਰੀ ਝੰਡੀ ਦਿੱਤੀ। ਹਾਲਾਂਕਿ ਜਲੰਧਰ ਪੁਲਿਸ ਨੇ ਪਹਿਲੇ ਹਫ਼ਤੇ ਲੋਕਾਂ ਲਈ ਕੁਝ ਨਰਮੀ ਦਿਖਾਈ ਹੈ। ਟ੍ਰੈਫਿਕ ਪੁਲਿਸ ਪਹਿਲੇ ਹਫ਼ਤੇ ਚੌਰਾਹਿਆਂ ਤੇ ਤਾਇਨਾਤ ਰਹੇਗੀ ਤੇ ਉੱਥੇ ਲੱਗੇ ਸਪੀਕਰਾਂ ਰਾਹੀਂ ਨਿਯਮ ਤੋੜਨ ਵਾਲਿਆਂ ਨੂੰ ਸਮੇਂ-ਸਮੇਂ ’ਤੇ ਜਾਗਰੂਕ ਕੀਤਾ ਜਾਵੇਗਾ। ਇਸਦੇ ਨਾਲ ਹੀ ਕੈਮਰਿਆਂ ਰਾਹੀਂ ਮਾਨੀਟਰਿੰਗ ਕਰ ਕੇ ਵੇਖਿਆ ਜਾਵੇਗਾ ਕਿ ਸਭ ਤੋਂ ਵੱਧ ਕਿਹੜੇ ਨਿਯਮ ਤੋੜੇ ਜਾ ਰਹੇ ਹਨ। ਜੇ ਆਉਣ ਵਾਲੇ ਇਕ ਹਫ਼ਤੇ ਦੇ ਬਾਅਦ ਵੀ ਲੋਕ ਨਾ ਸੰਭਲੇ ਤਾਂ ਫਿਰ ਨਿਯਮ ਤੋੜਨ ਵਾਲਿਆਂ ਨੂੰ ਕੈਮਰਿਆਂ ਰਾਹੀਂ ਚਲਾਨ ਕੱਟ ਕੇ ਮੋਬਾਈਲ ’ਤੇ ਮੈਸੇਜ ਭੇਜੇ ਜਾਣੇ ਸ਼ੁਰੂ ਹੋ ਜਾਣਗੇ। ਸੋਮਵਾਰ ਦੁਪਹਿਰ 3:30 ਵਜੇ ਡੀਜੀਪੀ ਗੌਰਵ ਯਾਦਵ ਜਲੰਧਰ ਪੁਲਿਸ ਲਾਈਨ ਪਹੁੰਚੇ। ਉੱਥੇ ਉਨਾਂ ਨੇ ਸਭ ਤੋਂ ਪਹਿਲਾਂ ਇੰਟੀਗ੍ਰੇਟਿਡ ਕਮਾਂਡ ਐਂਡ ਕਨਟਰੋਲ ਸੈਂਟਰ ਦਾ ਨਿਰੀਖਣ ਕੀਤਾ ਤੇ ਬਾਅਦ ’ਚ ਸਿਟੀ ਸਰਵੇਲੈਂਸ ਐਂਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਨੂੰ ਹਰੀ ਝੰਡੀ ਦਿੱਤੀ। ਉਨਾਂ ਦੱਸਿਆ ਕਿ ਮੁਹਾਲੀ ਤੋਂ ਬਾਅਦ ਪੰਜਾਬ ਦਾ ਜਲੰਧਰ ਦੂਜਾ ਸ਼ਹਿਰ ਹੈ ਜਿੱਥੇ ਇਹ ਸਿਸਟਮ ਸ਼ੁਰੂ ਕੀਤਾ ਗਿਆ ਹੈ। ਉਨਾਂ ਮੁਤਾਬਕ ਸ਼ਹਿਰ ਦੇ ਚੌਰਾਹਿਆਂ ਸਮੇਤ 13 ਪੁਆਇੰਟਾਂ ’ਤੇ ਕੁੱਲ 1003 ਕੈਮਰੇ ਲਗਾਏ ਗਏ ਹਨ, ਜਿਨ੍ਹਾਂ ’ਚ 142 ਉੱਚ-ਰੈਜ਼ੋਲਿਊਸ਼ਨ ਕੈਮਰੇ, 102 ਆਟੋਮੈਟਿਕ ਨੰਬਰ ਪਲੇਟ ਰਿਕਗਨਿਸ਼ਨ ਕੈਮਰੇ, 40 ਰੈੱਡ ਲਾਈਟ ਵਾਇਲੇਸ਼ਨ ਡਿਟੈਕਸ਼ਨ ਕੈਮਰੇ, 83 ਬੁਲੇਟ ਕੈਮਰੇ, 4 ਪੈਨ-ਟਿਲਟ-ਜ਼ੂਮ ਕੈਮਰੇ, 30 ਵਿਜੁਅਲ ਮੈਸੇਜ ਡਿਸਪਲੇ ਸਕ੍ਰੀਨਾਂ, 16 ਗਤੀ ਉਲੰਘਨ ਲਈ ਕੈਮਰੇ, ਐਮਰਜੈਂਸੀ ਕਾਲ ਬਾਕਸ ਪ੍ਰਣਾਲੀਆਂਸ ਨਾਲ 1003 ਕੈਮਰੇ ਲਗਾਏ ਹਨ। ਇਨ੍ਹਾਂ ਕੈਮਰਿਆਂ ਰਾਹੀਂ ਲਾਲ ਬੱਤੀ ਜੰਪ ਕਰਨ ਵਾਲੇ, ਤੇਜ਼ ਗਤੀ ਨਾਲ ਚੱਲਣ ਵਾਲੇ, ਗਲਤ ਦਿਸ਼ਾ ’ਚ ਆਉਣ ਵਾਲੇ ਤੇ ਹੋਰ ਨਿਯਮਾਂ ਦਾ ਉਲੰਘਨ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੀ ਪਵੇਗੀ। ਪੁਲਿਸ ਵੱਲੋਂ ਲੋਕਾਂ ਨੂੰ ਸੁਧਾਰਨ ਲਈ ਚੰਗੀ ਪਹਿਲ ਕੀਤੀ ਗਈ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਟ੍ਰੈਫਿਕ ਪੁਲਿਸ ਦੀਆਂ ਟੀਮਾਂ ਪਹਿਲੇ ਹਫ਼ਤੇ ਤਾਇਨਾਤ ਰਹਿਣਗੀਆਂ, ਉਸ ਤੋਂ ਬਾਅਦ ਚਲਾਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ