TarnTaran
ਤਰਨ ਤਾਰਨ ਵਿਚ ਇਕ ਸਿਰਫਿਰੇ ਪ੍ਰੇਮੀ ਵਲੋਂ ਪ੍ਰੇਮਿਕਾ ਨੂੰ ਸ਼ਰੇਆਮ ਬਾਜ਼ਾਰ ਵਿਚ ਤੇਲ ਪਾ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਪਛਾਣ ਤਰਨਤਾਰਨ ਦੇ ਮੁਹੱਲਾ ਜਸਵੰਤ ਸਿੰਘ ਦੀ ਰਹਿਣ ਵਾਲੀ ਜੋਤੀ ਕੁਮਾਰੀ ਵਜੋਂ ਹੋਈ ਹੈ। ਹਸਪਤਾਲ ਵਿਚ ਜ਼ੇਰੇ ਇਲਾਜ ਜੋਤੀ ਨੇ ਦਸਿਆ ਕਿ ਵੀਰਵਾਰ ਨੂੰ ਰਾਤ 8 ਵਜੇ ਉਹ ਅਪਣੇ ਪੁੱਤਰ ਨਾਲ ਤਰਨਤਾਰਨ ਦੇ ਚਾਰ ਖੰਭਾ ਚੌਕ ’ਤੇ ਇਕ ਬੇਕਰੀ ਤੋਂ ਕੰਮ ਤੋਂ ਵਾਪਸ ਆ ਰਹੀ ਸੀ। ਉਹ ਕੁਝ ਦਿਨ ਪਹਿਲਾਂ ਅਪਣੇ ਪ੍ਰੇਮੀ ਨੂੰ ਛੱਡ ਕੇ ਗਈ ਸੀ। ਜਦੋਂ ਉਹ ਮੁਹੱਲਾ ਜਸਵੰਤ ਸਿੰਘ ਦੇ ਨੇੜੇ ਪਹੁੰਚੀ ਤਾਂ ਉਸ ਦਾ ਪਿੱਛਾ ਕਰ ਰਹੇ ਉਸ ਦੇ ਪ੍ਰੇਮੀ ਨੇ ਬਾਜ਼ਾਰ ਦੇ ਵਿਚਕਾਰ ਉਸ ’ਤੇ ਮਿੱਟੀ ਦਾ ਤੇਲ ਛਿੜਕ ਦਿਤਾ ਅਤੇ ਉਸ ਦੇ ਬੱਚਿਆਂ ਦੇ ਸਾਹਮਣੇ ਉਸ ਨੂੰ ਅੱਗ ਲਗਾ ਦਿਤੀ। ਜੋਤੀ ਗੰਭੀਰ ਰੂਪ ਵਿਚ ਸੜ ਗਈ, ਉਸ ਨੂੰ ਤੁਰਤ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਅਪਣੀ ਆਰਥਿਕ ਤੰਗੀ ਕਾਰਨ ਉਹ ਇਲਾਜ ਕਰਵਾਉਣ ਦੇ ਅਸਮਰੱਥ ਸੀ, ਇਸ ਲਈ ਉਸ ਦੀ ਭੈਣ ਉਸ ਨੂੰ ਘਰ ਲੈ ਆਈ। ਪੀੜਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਭਾਵੇਂ ਪੀੜਤ ਦਾ ਬਿਆਨ ਸਿਟੀ ਪੁਲਿਸ ਸਟੇਸ਼ਨ ਵਲੋਂ ਸਿਵਲ ਹਸਪਤਾਲ ਵਿਖੇ ਦਰਜ ਕੀਤਾ ਗਿਆ ਸੀ। ਇਸ ਬਾਰੇ ਏ.ਐਸ.ਆਈ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੀੜਤ ਜੋਤੀ ਦੇ ਬਿਆਨਾਂ ਦੇ ਅਧਾਰ ’ਤੇ ਉਸ ਦੇ ਪ੍ਰੇਮੀ ਗੋਰਵਦੀਪ ਉਰਫ਼ ਮਨੀ ਪੁੱਤਰ ਅਵਤਾਰ ਸਿੰਘ ਕਾਲੀਆ ਵਿਰੁਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ।