ਜਲੰਧਰ :
ਕਮਿਸ਼ਨਰੇਟ ਜਲੰਧਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਵੱਖ-ਵੱਖ ਕਾਰਵਾਈਆਂ ਦੇ ਨਤੀਜੇ ਵਜੋਂ ਕੁੱਲ 150 ਗ੍ਰਾਮ ਗਾਂਜਾ ਸਮੇਤ ਦੋ ਬਦਨਾਮ ਨਸ਼ਾ ਤਸਕਰਾਂ ਤੇ 15 ਵਿਅਕਤੀਆਂ ਨੂੰ ਨਸ਼ਾ ਕਰਦੇ ਹੋਏ ਗ੍ਰਿਫ਼ਤਾਰ ਕੀਤਾ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਨਸ਼ਾ ਤਸਕਰਾਂ ਤੇ ਸਪਲਾਇਰਾਂ ’ਤੇ ਸ਼ਿਕੰਜਾ ਕੱਸਣ ਲਈ ਜਲੰਧਰ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਅਧੀਨ ਏਡੀਸੀਪੀ-1 ਆਕਰਸ਼ੀ ਜੈਨ, ਏਸੀਪੀ ਸੈਂਟਰਲ ਅਮਨਦੀਪ ਸਿੰਘ ਤੇ ਹੋਰ ਸੀਨੀਅਰ ਅਫ਼ਸਰਾਂ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਪੁਲਿਸ ਟੀਮ ਬਣਾਈ ਗਈ, ਜਿਸ ਵੱਲੋਂ ਕਾਰਵਾਈ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਢੋਲਾ ਰਾਮ, ਵਾਸੀ ਭੀਮ ਨਗਰ ਕਾਜ਼ੀ ਮੰਡੀ ਜਲੰਧਰ ਤੇ ਸੀਮਾ ਵਾਸੀ ਤੰਦੂਰ ਵਾਲੀ ਗਲੀ ਭੀਮ ਨਗਰ ਕਾਜ਼ੀ ਮੰਡੀ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਢੋਲਾ ਰਾਮ ਦੇ ਕਬਜ਼ੇ ’ਚੋਂ ਪੁਲਿਸ ਨੇ 100 ਗ੍ਰਾਮ ਗਾਂਜਾ ਤੇ ਸੀਮਾ ਦੇ ਕਬਜ਼ੇ ’ਚੋਂ 50 ਗ੍ਰਾਮ ਗਾਂਜਾ ਬਰਾਮਦ ਕੀਤਾ। ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਖੇ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਪੰਜ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਕ ਹੋਰ ਕਾਰਵਾਈ ਦੌਰਾਨ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਪਾਰਟੀ ਪ੍ਰਤਾਪ ਪੈਲੇਸ ਲੱਧੇਵਾਲੀ ਚੌਕ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰੈਸਟੋਰੈਟ ਲੱਧੇਵਾਲੀ ਵਿਚ ਕੁਝ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਹਨ ਤੇ ਉਨ੍ਹਾਂ ਕੋਲ ਹਥਿਆਰ ਵੀ ਹਨ। ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ 15 ਵਿਅਕਤੀਆਂ ਨੂੰ ਨਸ਼ਾ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਦੇ ਕਬਜ਼ੇ ’ਚੋਂ 3 ਪੰਨੀਆ ਲਿਬੜੀਆਂ ਹੋਈਆਂ, 2 ਲਾਈਟਰ, 3 ਦਾਤਰ, 2 ਖੰਜਰ ਬਰਾਮਦ ਕੀਤੇ। ਉਨ੍ਹਾਂ ਖਿਲਾਫ ਵੀ ਥਾਣਾ ਰਾਮਾਮੰਡੀ ਜਲੰਧਰ ’ਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ।