ਜਲੰਧਰ,
: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੇ ਬੀਜ ’ਤੇ ਸਹਾਇਤਾ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾੜੀ 2025-26 ਲਈ ਕਣਕ ਦੇ ਬੀਜ ਲਈ ਜਾਰੀ ਪਾਲਿਸੀ ਅਨੁਸਾਰ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਫ਼ਤ ਬੀਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਣਕ ਦੇ ਬੀਜ ’ਤੇ ਸਹਾਇਤਾ ਪ੍ਰਾਪਤ ਕਰਨ ਲਈ ਕਿਸਾਨ ਪਿਛਲੇ ਸਾਲਾਂ ਦੀ ਤਰ੍ਹਾਂ ਖੇਤੀਬਾੜੀ ਵਿਭਾਗ ਦੇ ਪੋਰਟਲ www.agrimachinarypb.com ’ਤੇ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਯੋਗ ਪਾਏ ਗਏ ਕਿਸਾਨਾਂ ਨੂੰ ਕਣਕ ਦੇ ਬੀਜ ’ਤੇ ਸਹਾਇਤਾ ਦਿੱਤੀ ਜਾਵੇਗੀ ਅਤੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਜਾਰੀ ਸੂਚੀ ਮੁਤਾਬਿਕ ਮੁਫ਼ਤ ਬੀਜ ਦਿੱਤਾ ਜਾਵੇਗਾ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਹ ਬੀਜ ਸਪਲਾਈ ਕਰਨ ਲਈ ਪਨਸੀਡ ਨੂੰ ਨੋਡਲ ਏਜੰਸੀ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਣਕ ਦੇ ਬੀਜ ’ਤੇ ਸਹਾਇਤਾ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਪੀ.ਬੀ.ਡਬਲਿਊ 826, ਪੀ.ਬੀ.ਡਬਲਿਊ 869, ਪੀ.ਬੀ.ਡਬਲਿਊ 824, ਪੀ.ਬੀ.ਡਬਲਿਊ 803, ਪੀ.ਬੀ.ਡਬਲਿਊ 766, ਡੀ.ਬੀ.ਡਬਲਿਊ 222, ਡੀ.ਬੀ.ਡਬਲਿਊ 187, ਐਚ. ਡੀ 3226, ਉੱਨਤ ਪੀ.ਬੀ.ਡਬਲਿਊ 343, ਉੱਨਤ ਪੀ.ਬੀ.ਡਬਲਿਊ 550, ਪੀ.ਬੀ.ਡਬਲਿਊ 725, ਪੀ.ਬੀ.ਡਬਲਿਊ 677, ਐਚ.ਡੀ 3086, ਪੀ.ਬੀ.ਡਬਲਿਊ ਜ਼ਿੰਕ 2, ਪੀ.ਬੀ.ਡਬਲਿਊ 1 ਚਪਾਤੀ, ਪੀ.ਬੀ.ਡਬਲਿਊ 1 ਜ਼ਿੰਕ, ਪੀ.ਬੀ.ਡਬਲਿਊ 771, ਪੀ.ਬੀ.ਡਬਲਿਊ 757, ਪੀ.ਬੀ.ਡਬਲਿਊ 752 ’ਤੇ ਦਿੱਤੀ ਜਾਵੇਗੀ। ਡਾ. ਸਿੰਘ ਨੇ ਦੱਸਿਆ ਕਿ ਪਾਲਿਸੀ ਅਨੁਸਾਰ ਕਣਕ ਦੇ ਬੀਜ ’ਤੇ ਇੱਕ ਕਿਸਾਨ ਨੂੰ ਇੱਕ ਹੈਕਟੇਅਰ ਰਕਬੇ ’ਤੇ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਹਾਇਤਾ ਦਿੱਤੀ ਜਾਵੇਗੀ ਅਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਦੋ ਹੈਕਟੇਅਰ ਦਾ ਬੀਜ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀ ਪਾਲਿਸੀ ਅਨੁਸਾਰ ਕਣਕ ਦਾ ਬੀਜ ਪ੍ਰਾਪਤ ਕਰਨ ਲਈ ਖੇਤੀਬਾੜੀ ਵਿਭਾਗ ਦੇ ਪੋਰਟਲ ’ਤੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਕੇ ਇਸ ਦਾ ਲਾਭ ਉਠਾਉਣ । ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਉਨ੍ਹਾਂ ਨਾਲ ਜਾਂ ਬਲਾਕ ਖੇਤੀਬਾੜੀ ਅਫ਼ਸਰਾਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ।