ਪੰਚਕੂਲਾ :
ਹਰਿਆਣਾ ‘ਚ ਆਈਪੀਐਸ ਪੂਰਨ ਕੁਮਾਰ ਅਤੇ ਏਐਸਆਈ ਸੰਦੀਪ ਲਾਠਰ ਦੇ ਸੁਸਾਈਡ ਕੇਸ ਨੇ ਪੂਰੇ ਪੁਲਿਸ ਵਿਭਾਗ ‘ਚ ਹਲਚਲ ਮਚਾ ਦਿੱਤੀ ਹੈ। ਇਸ ਦੌਰਾਨ ਮੁੱਖ ਮੰਤਰੀ ਨਾਇਬ ਸੈਣੀ ਨੇ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਦੋਹਾਂ ਸੰਵੇਦਨਸ਼ੀਲ ਮਾਮਲਿਆਂ ‘ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਹੁਤ ਗੰਭੀਰਤਾ ਤੇ ਸੰਵੇਦਨਸ਼ੀਲਤਾ ਨਾਲ ਕਾਰਵਾਈ ਕਰਦਿਆਂ ਅਧਿਕਾਰੀਆਂ ਨੂੰ ਮਾਮਲੇ ਦੀ ਨਿਰਪੱਖ ਜਾਂਚ ਦੇ ਆਦੇਸ਼ ਦਿੱਤੇ।ਪੂਰਨ ਕੁਮਾਰ ਦੇ ਮਾਮਲੇ ‘ਚ ਮੁੱਖ ਮੰਤਰੀ ਨੇ ਸਰਗਰੀ ਦਿਖਾਉਂਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸੇ ਤਰ੍ਹਾਂ, ਬੁੱਧਵਾਰ ਨੂੰ ਏਐਸਆਈ ਸੰਦੀਪ ਲਾਠਰ ਦੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਮੁੱਖ ਮੰਤਰੀ ਨੇ ਨਿਆਂ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ, ਸੀਐਮ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਆਈਪੀਐਸ ਪੂਰਨ ਕੁਮਾਰ ਦੇ ਮਾਮਲੇ ‘ਚ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਹਰਿਆਣਾ ਦੇ ਡੀਜੀਪੀ ਨੂੰ ਛੁੱਟੀ ‘ਤੇ ਭੇਜ ਦਿੱਤਾ ਤੇ ਰੋਹਤਕ ਦੇ ਐਸਪੀ ਨੂੰ ਹਟਾ ਦਿੱਤਾ। ਮੁੱਖ ਮੰਤਰੀ ਨਾਇਬ ਸੈਣੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰ ਕੇ ਹਰ ਸੰਭਵ ਸਹਾਇਤਾ ਅਤੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ। ਇਸੇ ਤਰ੍ਹਾਂ, ਸੰਦੀਪ ਲਾਠਰ ਦੇ ਮਾਮਲੇ ‘ਚ ਵੀ ਮੁੱਖ ਮੰਤਰੀ ਨੇ ਤੁਰੰਤ ਉਨ੍ਹਾਂ ਦੇ ਪਰਿਵਾਰ ਨਾਲ ਮਿਲ ਕੇ ਸੰਵੇਦਨਾ ਪ੍ਰਗਟਾਈ ਤੇ ਨਿਆਂ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਸੈਣੀ ਨੇ ਇਨ੍ਹਾਂ ਦੋਹਾਂ ਮਾਮਲਿਆਂ ‘ਚ ਬਿਨਾਂ ਕਿਸੇ ਸਿਆਸੀ ਦਿਖਾਵੇ ਜਾਂ ਬਿਆਨਬਾਜ਼ੀ ਦੇ ਪੂਰੀ ਗੰਭੀਰਤਾ ਤੇ ਸੰਵੇਦਨਸ਼ੀਲਤਾ ਨਾਲ ਕਾਰਵਾਈ ਕੀਤੀ।
ਰੋਹਤਕ ‘ਚ ਪਰਿਵਾਰ ਨੂੰ ਮਿਲੇ ਨਾਇਬ ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਕਥਿਤ ਤੌਰ ‘ਤੇ ਆਤਮਹੱਤਿਆ ਕਰਨ ਵਾਲੇ ਸਹਾਇਕ ਡਿਪਟੀ-ਸੁਪਰਡੈਂਟ ਸੰਦੀਪ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਹਮਦਰਦੀ ਪ੍ਰਗਟਾਈ। ਸੈਣੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਯੋਗ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਸੈਣੀ, ਮੰਤਰੀ ਮਹਿਪਾਲ ਢਾਂਡਾ ਤੇ ਕ੍ਰਿਸ਼ਨ ਲਾਲ ਪੰਵਾਰ ਅਤੇ ਸੀਨੀਅਰ ਭਾਜਪਾ ਆਗੂ ਮਨੀਸ਼ ਗਰੋਵਰ ਨਾਲ ਲਾਢੋਤ ਪਿੰਡ ਪਹੁੰਚੇ ਤੇ ਪੀੜਤ ਪਰਿਵਾਰ ਨੂੰ ਧਰਵਾਸ ਦਿੱਤਾ। ਮੋਰਚੇ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਕਾਰਵਾਈ ਤੋਂ ਨਿਆਂ ਸੰਘਰਸ਼ ਮੋਰਚਾ ਸੰਤੁਸ਼ਟ ਹੈ ਅਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ‘ਤੇ ਦਬਾਅ ਬਣਾਏਗਾ। ਹਰਿਆਣਾ ਸਰਕਾਰ ਨੇ ਆਪਣਾ ਕੰਮ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਸਕਾਰਾਤਮਕ ਕੰਮ ਕੀਤਾ ਹੈ। ਡੀਜੀਪੀ ਤੇ ਐਸਪੀ ਨੂੰ ਹਟਾਉਣ ਦੀ ਮੰਗ ਸੀ। ਉਹ ਪੂਰੀ ਹੋ ਗਈ ਹੈ। ਹੁਣ ਚੰਡੀਗੜ੍ਹ ਪੁਲਿਸ ਕਾਰਵਾਈ ਕਰੇ।