ਫਿਲੌਰ :
ਨਾਬਾਲਿਗ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਇਨਸਾਫ਼ ਦਿਵਾਉਣ ਦੀ ਥਾਂ ਖੁਦ ਪੀੜਤਾ ਤੇ ਉਸ ਦੀ ਮਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ਾਂ ਤਹਿਤ ਥਾਣਾ ਫਿਲੌਰ ਦੇ ਇੰਚਾਰਜ ਸਬ-ਇੰਸਪੈਕਟਰ ਭੂਸ਼ਣ ਕੁਮਾਰ ਖ਼ਿਲਾਫ਼ ਥਾਣਾ ਫਿਲੌਰ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਕੇਸ ਦਰਜ ਹੋਣ ਤੋਂ ਬਾਅਦ ਸਬ-ਇੰਸਪੈਕਟਰ ਭੂਸ਼ਣ ਕੁਮਾਰ ਫਰਾਰ ਹੈ ਤੇ ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਭਾਲ ’ਚ ਲੱਗੀ ਹੋਈ ਹੈ। ਇਸ ਦਫ਼ਤਰ ’ਚ ਖੁਦ ਭੂਸ਼ਣ ਕੁਮਾਰ ਮੁਲਜ਼ਮਾਂ ਖ਼ਿਲਾਫ਼ ਪ੍ਰੈੱਸ ਕਾਨਫਰੰਸ ਕਰਦਾ ਸੀ, ਉਸੇ ਕਮਰੇ ’ਚ ਡੀਐੱਸਪੀ ਸਰਵਨ ਸਿੰਘ ਬਲ ਨੇ ਉਸ ਦੇ ਖ਼ਿਲਾਫ਼ ਪ੍ਰੈੱਸ ਕਾਨਫਰੰਸ ਕੀਤੀ। ਡੀਐੱਸਪੀ ਸਰਵਨ ਸਿੰਘ ਬਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਸਬ ਇੰਸਪੈਕਟਰ ਭੂਸ਼ਣ ਕੁਮਾਰ ਨੇ ਥਾਣਾ ਫਿਲੌਰ ਦੇ ਇੰਚਾਰਜ ਰਹਿੰਦੇ ਹੋਏ ਆਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਿਆ। ਉਸ ਨੇ ਜਬਰ ਜਨਾਹ ਦੇ ਕੇਸ ’ਚ ਨਾਬਾਲਿਗ ਨੂੰ ਇਨਸਾਫ਼ ਦਿਵਾਉਣ ਦੀ ਥਾਂ ਉਸ ਨੂੰ ਤੇ ਉਸ ਦੀ ਮਾਂ ਨੂੰ ਫੋਨ ਕਰ ਕੇ ਸੱਦਿਆ ਤੇ ਸ਼ੋਸ਼ਣ ਕੀਤਾ। ਕਾਲ ਰਿਕਾਰਡਿੰਗ ਵਾਇਰਲ ਹੋਣ ਤੋਂ ਬਾਅਦ ਇਕ ਹੋਰ 22 ਸਾਲਾ ਕੁੜੀ ਨੇ ਵੀ ਭੂਸ਼ਣ ਕੁਮਾਰ ’ਤੇ ਜਬਰ ਜਨਾਹ ਦੇ ਗੰਭੀਰ ਦੋਸ਼ ਲਾਏ। ਉਸ ਕੁੜੀ ਨੇ ਕਿਹਾ ਕਿ ਭੂਸ਼ਣ ਕੁਮਾਰ ਜਾਂਚ ਦੇ ਬਹਾਨੇ ਉਸ ਦੇ ਘਰ ਆਇਆ ਸੀ, ਜਿੱਥੇ ਉਸ ਨੇ ਉਸ ਦਾ ਮੋਬਾਈਲ ਨੰਬਰ ਲੈ ਲਿਆ ਤੇ ਬਾਅਦ ’ਚ ਫੋਨ ’ਤੇ ਭੱਦੀ ਭਾਸ਼ਾ ਵਰਤ ਕੇ ਇਕੱਲੇ ਮਿਲਣ ਲਈ ਦਬਾਅ ਬਣਾਉਣ ਲੱਗ ਪਿਆ। ਉਸ ਨੇ ਵੀ ਗੱਲਬਾਤ ਦੀ ਰਿਕਾਰਡਿੰਗ ਪੁਲਿਸ ਨੂੰ ਸਬੂਤ ਵਜੋਂ ਸੌਂਪ ਦਿੱਤੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਸ਼ਿਕਾਇਤਾਂ ਦੀ ਪੁਸ਼ਟੀ ਕਰਕੇ ਭੂਸ਼ਣ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। — ਬਾਲ ਅਧਿਕਾਰ ਕਮਿਸ਼ਨ ਵੱਲੋਂ ਸਖਤ ਹੁਕਮ ਇਸ ਦੌਰਾਨ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਐੱਸਐੱਸਪੀ ਨੂੰ ਪੱਤਰ ਜਾਰੀ ਕੀਤਾ ਹੈ। ਕਮਿਸ਼ਨ ਨੇ ਦੱਸਿਆ ਕਿ ਉਨ੍ਹਾਂ ਕੋਲ ਜੁਵੈਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ, ਪੋਕਸੋ ਐਕਟ ਤੇ ਰਾਈਟ ਟੂ ਐਜੂਕੇਸ਼ਨ ਐਕਟ ਅਧੀਨ ਕਾਰਵਾਈ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਐੱਸਐੱਚਓ ਭੂਸ਼ਣ ਕੁਮਾਰ ਨੇ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ ’ਚ ਡੇਢ ਮਹੀਨਾ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਪੀੜਤਾ ਦੀ ਮਾਂ ਵੱਲੋਂ ਸੋਸ਼ਲ ਮੀਡੀਆ ’ਤੇ ਇਹ ਦੋਸ਼ ਲਾਇਆ ਗਿਆ ਕਿ ਭੂਸ਼ਣ ਕੁਮਾਰ ਨੇ ਕਿਹਾ ਸੀ ਕਿ ਉਹ ਖੁਦ ਨਾਬਾਲਿਗ ਲੜਕੀ ਦਾ ਮੈਡੀਕਲ ਚੈੱਕਅੱਪ ਕਰ ਕੇ ਦੱਸੇਗਾ ਕਿ ਲੜਕੀ ਨਾਲ ਜਬਰ ਜਨਾਹ ਹੋਇਆ ਹੈ ਜਾਂ ਨਹੀਂ। ਨੋਟਿਸ ਲੈਂਦਿਆਂ ਉਨ੍ਹਾਂ ਨੇ ਐੱਸਐੱਸਪੀ ਨੂੰ ਕਿਹਾ ਕਿ ਭੂਸ਼ਣ ਕੁਮਾਰ ਖ਼ਿਲਾਫ਼ ਪੋਕਸੋ ਐਕਟ ਅਧੀਨ ਕੇਸ ਦਰਜ ਕਰਕੇ ਉਸ ਦੀ ਕਾਪੀ 23 ਅਕਤੂਬਰ ਤੱਕ ਈਮੇਲ ਰਾਹੀਂ ਭੇਜੀ ਜਾਵੇ।
ਸ਼ਹਿਜ਼ਾਦ ਭੱਟੀ ’ਤੇ ਧਮਕੀ ਦੇਣ ਦੇ ਲੱਗੇ ਦੋਸ਼
ਇਸੇ ਮਾਮਲੇ ਦੌਰਾਨ ਭੂਸ਼ਣ ਕੁਮਾਰ ਨੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ’ਤੇ ਦੋਸ਼ ਲਾਏ ਸਨ ਕਿ ਉਸ ਨੇ ਫੋਨ ਕਰਕੇ ਧਮਕੀ ਦਿੱਤੀ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਰਿਕਾਰਡਿੰਗ ’ਚ ਐੱਸਐੱਚਓ ਭੂਸ਼ਣ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਸ਼ਹਿਜ਼ਾਦ ਭੱਟੀ ਨੇ ਉਸ ਨੂੰ ਧਮਕਾਇਆ ਹੈ। ਹਾਲਾਂਕਿ ਭੱਟੀ ਨੇ ਇਕ ਵੁਆਇਸ ਮੈਸੇਜ ਜਾਰੀ ਕਰਕੇ ਇਸ ਦਾਅਵੇ ਨੂੰ ਖ਼ਾਰਜ ਕੀਤਾ ਤੇ ਕਿਹਾ ਕਿ ਵਾਇਰਲ ਆਡੀਓ ’ਚ ਨਾ ਮੇਰੀ ਆਵਾਜ਼ ਹੈ ਤੇ ਨਾ ਮੇਰਾ ਨੰਬਰ। ਜਦੋਂ ਵੀ ਮੈਂ ਗੱਲ ਕਰਦਾ ਹਾਂ, ਆਪਣੇ ਅਧਿਕਾਰਕ ਨੰਬਰ ਤੋਂ ਕਰਦਾ ਹਾਂ ਤੇ ਉਸ ਦੀ ਜ਼ਿੰਮੇਵਾਰੀ ਲੈਂਦਾ ਹਾਂ।