ਕੰਗ ਨੇ ਸੰਸਦੀ ਕਮੇਟੀ ਦੇ ਚੇਅਰਮੈਨ ਨੂੰ ਲਿਖਿਆ ਪੱਤਰ, ਖਾਦਾਂ ਦੀ ਵੱਧ ਕੀਮਤ ਵਸੂਲੀ ਅਤੇ ਬੇਲੋੜੀ ਬੰਡਲਿੰਗ ਰਾਹੀਂ ਹੁੰਦੇ ਸ਼ੋਸ਼ਣ ਨੂੰ ਖ਼ਤਮ ਕਰਨ ਲਈ ਦੇਸ਼ ਵਿਆਪੀ ਤੰਤਰ ਬਣਾਉਣ ਦੀ ਕੀਤੀ ਮੰਗ
ਚੰਡੀਗੜ੍ਹ,
ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਡੀਏਪੀ ਅਤੇ ਯੂਰੀਆ ਵਰਗੀਆਂ ਜ਼ਰੂਰੀ ਖਾਦਾਂ ਨਾਲ ਮਹਿੰਗੇ “ਬੂਸਟਰਾਂ” ਦੀ ਜ਼ਬਰਦਸਤੀ ਬੰਡਲਿੰਗ ਰਾਹੀਂ ਕਿਸਾਨਾਂ ਦੇ ਸ਼ੋਸ਼ਣ ਵਿਰੁੱਧ ਤੁਰੰਤ ਕੌਮੀ ਕਾਰਵਾਈ ਦੀ ਜ਼ੋਰਦਾਰ ਮੰਗ ਉਠਾਈ ਹੈ। ਇਸ ਨੂੰ “ਸਾਡੇ ਅੰਨਦਾਤਿਆਂ ਨਾਲ ਧੋਖਾ” ਕਰਾਰ ਦਿੰਦਿਆਂ ਕੰਗ ਨੇ ਕਿਹਾ ਕਿ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਖਾਦਾਂ ਦੇ ਨਾਲ ਬੇਲੋੜੇ ਅਤੇ ਮਹਿੰਗੇ ਐਡਿਟਿਵਜ਼ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਇਹ ਇੱਕ ਗਲਤ ਕਾਰਵਾਈ ਹੈ ਜੋ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਸਾਹਮਣੇ ਆਈ ਹੈ। ਕੰਗ ਨੇ ਰਸਾਇਣ ਅਤੇ ਖਾਦਾਂ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਨੂੰ ਰਸਮੀ ਤੌਰ ‘ਤੇ ਪੱਤਰ ਲਿਖਿਆ ਹੈ, ਜਿਸ ਵਿੱਚ ਇਸ ਸ਼ੋਸ਼ਣਕਾਰੀ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਦੇਸ਼ ਵਿਆਪੀ ਤੰਤਰ ਸਥਾਪਤ ਕਰਨ ਦੀ ਅਪੀਲ ਕੀਤੀ ਗਈ ਹੈ। ਆਪਣੇ ਪੱਤਰ ਵਿੱਚ, ਉਨ੍ਹਾਂ ਨੇ ਖਾਦ ਲੈਣ-ਦੇਣ ਦੀ ਸਖ਼ਤ ਡਿਜੀਟਲ ਨਿਗਰਾਨੀ, ਸਬਸਿਡੀ ਵਾਲੇ ਉਤਪਾਦਾਂ ਦੀ ਲਾਜ਼ਮੀ ਅਨਬੰਡਲਿੰਗ (ਵੱਖਰੇ ਤੌਰ ‘ਤੇ ਵੇਚਣਾ), ਅਤੇ ਦੋਸ਼ੀਆਂ ਲਈ ਲਾਈਸੈਂਸ ਮੁਅੱਤਲੀ ਅਤੇ ਬਲੈਕਲਿਸਟਿੰਗ ਸਮੇਤ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਹੈ।ਕੰਗ ਨੇ ਕਿਹਾ ਕਿ ਇਹ ਵਪਾਰ ਨਹੀਂ, ਇਹ ਧੋਖਾ ਹੈ। ਸਾਡੇ ਕਿਸਾਨ, ਭਾਰਤ ਦੀ ਆਰਥਿਕਤਾ ਦੀ ਰੂਹ, ਦਿਨ-ਦਿਹਾੜੇ ਲੁੱਟੇ ਜਾ ਰਹੇ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਰੂਪਨਗਰ ਵਿੱਚ ਵਿਤਰਕ ਕਿਸਾਨਾਂ ਨੂੰ ਕੈਲਸ਼ੀਅਮ ਨਾਈਟ੍ਰੇਟ, ਪੋਲੀਹਾਲਾਈਟ, ਬਾਇਓ ਪੋਟਾਸ਼, ਅਤੇ ਮਿਊਰੇਟ ਆਫ ਪੋਟਾਸ਼ ਵਰਗੇ ਮਹਿੰਗੇ ਬੂਸਟਰ ਜ਼ਰੂਰੀ ਖਾਦਾਂ ਦੇ ਨਾਲ ਖਰੀਦਣ ਲਈ ਮਜਬੂਰ ਕਰ ਰਹੇ ਹਨ, ਜਿਸ ਨਾਲ ਲਾਗਤ ਖਰਚੇ ਵੱਧ ਰਹੇ ਹਨ ਅਤੇ ਕਿਸਾਨਾਂ ਨੂੰ ਪ੍ਰੇਸ਼ਾਨੀ ਵਿੱਚ ਧੱਕਿਆ ਜਾ ਰਿਹਾ ਹੈ। ਪੰਜਾਬ ਪੁਲਿਸ ਦੀ ਐਫਆਈਆਰ ਦਰਜ ਕਰਨ ਅਤੇ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਤੇਜ਼ ਕਾਰਵਾਈ ਦੀ ਸ਼ਲਾਘਾ ਕਰਦਿਆਂ, ਕੰਗ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਮੱਸਿਆ ਪੰਜਾਬ ਤੋਂ ਕਿਤੇ ਵੱਧ ਹੈ ਅਤੇ ਇੱਕ “ਕੌਮੀ ਸਮੱਸਿਆ” ਨੂੰ ਦਰਸਾਉਂਦੀ ਹੈ ਜਿਸ ਨੂੰ ਸੰਸਦੀ ਦਖਲਅੰਦਾਜ਼ੀ ਅਤੇ ਸੁਧਾਰ ਰਾਹੀਂ ਜੜ੍ਹੋਂ ਪੁੱਟਣ ਦੀ ਲੋੜ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਰਸਾਇਣ ਅਤੇ ਖਾਦ ਮੰਤਰਾਲੇ ਰਾਹੀਂ ਫੈਸਲਾਕੁੰਨ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਕਿਹਾ, “ਸਾਡੇ ਕਿਸਾਨ ਅਜਿਹੀਆਂ ਲੁਟੇਰੂ ਕਾਰਵਾਈਆਂ ਤੋਂ ਸੁਰੱਖਿਆ ਦੇ ਹੱਕਦਾਰ ਹਨ। ਇਹ ਸਾਡੀ ਖਾਦ ਸਪਲਾਈ ਲੜੀ ਵਿੱਚ ਇਮਾਨਦਾਰੀ ਬਹਾਲ ਕਰਨ ਅਤੇ ਸਾਡੀ ਖੇਤੀਬਾੜੀ ਸਮਾਨਤਾ ਨੂੰ ਬਰਕਰਾਰ ਰੱਖਣ ਦਾ ਸਮਾਂ ਹੈ।”