4600 ਤੋਂ ਵੱਧ ਫੀਲਡ ਅਮਲਾ ਘਰ-ਘਰ ਜਾ ਕੇ ਨੇਪਰੇ ਚਾੜ੍ਹੇਗਾ ਜਨਗਣਨਾ ਦਾ ਕੰਮ
ਜਲੰਧਰ, MAJOR TIMES

: ਜਨਗਣਨਾ 2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਜਲੰਧਰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਲਈ ਸਿਖ਼ਲਾਈ ਸੈਸ਼ਨ ਚੱਲ ਰਹੇ ਹਨ। ਇਸ ਪੜਾਅ ਤਹਿਤ ਅਸਲ ਆਬਾਦੀ ਦੀ ਗਿਣਤੀ ਕੀਤੀ ਜਾਣੀ ਹੈ।
ਇਹ ਸਿਖ਼ਲਾਈ ਸੈਸ਼ਨ ਸਬੰਧਤ ਤਹਿਸੀਲਦਾਰਾਂ ਅਤੇ ਕਾਰਜਕਾਰੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਹਨ, ਜਿਸ ਵਿੱਚ ਫੀਲਡ ਟ੍ਰੇਨਰਾਂ ਵੱਲੋਂ ਭਾਗੀਦਾਰਾਂ ਨੂੰ ਲੋੜੀਂਦੀ ਸਿਖ਼ਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਇਹ ਸਿਖ਼ਲਾਈ ਪ੍ਰੋਗਰਾਮ 10 ਨਵੰਬਰ 2026 ਤੱਕ ਜਾਰੀ ਰਹੇਗਾ। ਇਨ੍ਹਾਂ ਸਿਖ਼ਲਾਈ ਸੈਸ਼ਨਾਂ ਦਾ ਉਦੇਸ਼ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਬੰਧਤ ਮੋਬਾਇਲ ਐਪਲੀਕੇਸ਼ਨਾਂ ਅਤੇ ਸੀਐਮਐਮਐਸ ਪੋਰਟਲ ਤੋਂ ਜਾਣੂ ਕਰਵਾਉਣਾ ਅਤੇ ਇਨ੍ਹਾਂ ਦੀ ਵਰਤੋਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ ਤਾਂ ਜੋ ਜਨਗਣਨਾ ਦੇ ਕੰਮ-ਕਾਜ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਜਲੰਧਰ ਜ਼ਿਲ੍ਹੇ ਵਿੱਚ 1 ਦਸੰਬਰ 2026 ਤੋਂ 9 ਜਨਵਰੀ 2027 ਤੱਕ ਕਰੀਬ 4642 ਗਣਨਾਕਾਰ ਅਤੇ ਸੁਪਰਵਾਈਜ਼ਰ ਘਰ-ਘਰ ਜਾ ਕੇ ਜਨਗਣਨਾ ਦਾ ਕੰਮ ਕਰਨਗੇ। ਇਨ੍ਹਾਂ ਚੱਲ ਰਹੀਆਂ ਤਿਆਰੀਆਂ ਦਾ ਉਦੇਸ਼ ਫੀਲਡ ਅਮਲੇ ਨੂੰ ਜਨਗਣਨਾ ਦੇ ਕੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਲੋੜੀਂਦੀ ਤਕਨੀਕੀ ਜਾਣਕਾਰੀ ਨਾਲ ਲੈਸ ਕਰਨਾ ਹੈ।
