ਲੁਧਿਆਣਾ
ਰੁਪਏ ਲੈ ਕੇ ਫ਼ਰਜ਼ੀ ਡੋਪ ਟੈਸਟ ਕਰ ਕੇ ਫਿਟਨੈੱਸ ਸਰਟੀਫਿਕੇਟ ਬਣਾਉਣ ਦੇ ਮਾਮਲੇ ’ਚ ਸਿਵਲ ਹਸਪਤਾਲ ਲੁਧਿਆਣਾ ਦੇ ਚਾਰ ਮੁਲਾਜ਼ਮ ਵਿਜੀਲੈਂਸ ਦੇ ਅੜਿੱਕੇ ਆ ਗਏ ਹਨ, ਜਿਨ੍ਹਾਂ ਨੂੰ ਵਿਜੀਲੈਂਸ ਨੇ ਦੁਪਹਿਰ ਤੋਂ ਬਾਅਦ ਚੁੱਕ ਲਿਆ ਹੈ। ਵਿਜੀਲੈਂਸ ਦੀ ਕਾਰਵਾਈ ਦੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭਿਣਕ ਤੱਕ ਨਹੀਂ ਲੱਗੀ। ਵਿਜੀਲੈਂਸ ਨੇ ਦੇਰ ਸ਼ਾਮ ਨੂੰ ਉਨ੍ਹਾਂ ਨੂੰ ਛੱਡ ਦਿੱਤਾ ਸੀ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਕਥਿਤ ਮੁਲਜ਼ਮ ਨੂੰ ਇੱਕ ਵਾਰ ਫੇਰ ਵਿਜੀਲੈਂਸ ਨੇ ਪੁੱਛਗਿੱਛ ਲਈ ਬੁਲਾਇਆ ਪਰ ਖ਼ਬਰ ਲਿਖੇ ਜਾਣ ਤੱਕ ਕਥਿਤ ਮੁਲਜ਼ਮ ਵਿਜੀਲੈਂਸ ਦੀ ਨਿਗਰਾਨੀ ਹੇਠ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਰਾਮ ਨਾਂ ਦਾ ਲੈਬ ਟੈਕਨੀਸ਼ੀਅਨ ਜੋ ਕਿ ਜੱਚਾ-ਬੱਚਾ ਵਿਭਾਗ ਦੀ ਲੈਬ ਕਮਰ ਨੰਬਰ 20 ਵਿੱਚ ਤਾਇਨਾਤ ਸੀ। ਬੀਤੇ ਕੱਲ ਵਿਜੀਲੈਂਸ ਦੇ ਅਧਿਕਾਰੀ ਉਸ ਨੂੰ ਪੁੱਛਗਿੱਛ ਲਈ ਲੈ ਗਏ। ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਉਸਨੇ ਵੱਡੇ ਖੁਲਾਸੇ ਕੀਤਾ। ਉਸਨੇ ਕਿਹਾ ਕਿ ਉਸ ਨਾਲ ਸਿਵਲ ਹਸਪਤਾਲ ਦੇ ਹੋਰ ਵੀ ਅਨੇਕਾਂ ਮੁਲਾਜ਼ਮ ਸ਼ਾਮਲ ਹਨ, ਜਿਨ੍ਹਾਂ ’ਚੋਂ ਉਸਨੇ ਓਪੀਡੀ ਵਿਭਾਗ ਵਿੱਚ ਤਾਇਨਾਤ ਗਿੱਲ ਨਾਂ ਦੇ ਵਿਅਕਤੀ ਦਾ ਨਾਂ ਲਿਆ। ਸਾਈਕਲ ਸਟੈਂਡ ’ਤੇ ਲੱਗੇ ਇੱਕ ਵਿਅਕਤੀ ਦਾ ਨਾਂ ਵੀ ਲਿਆ। ਇਸ ਤੋਂ ਇਲਾਵਾ ਹੋਰ ਵੀ 2 ਕੱਚੇ ਮੁਲਾਜ਼ਮ ਹਨ, ਜਿਨ੍ਹਾਂ ਨੂੰ ਵਿਜੀਲੈਂਸ ਵੱਲੋਂ ਜਾਂਚ ਲਈ ਬੁਲਾਇਆ ਗਿਆ। ਰਾਮ ਵੱਲੋਂ ਜਾਣਕਾਰੀ ਦੇਣ ਤੋਂ ਬਾਅਦ ਵਿਜੀਲੈਂਸ ਦੇ ਅਧਿਕਾਰੀ ਸਿਵਿਲ ਹਸਪਤਾਲ ਵਿੱਚ ਪਹੁੰਚ ਕੇ ਮੁਲਜ਼ਮਾਂ ਨੂੰ ਲੈ ਗਏ। ਕੀ ਹੈ ਮਾਮਲਾ ਇਕ ਸਿਹਤ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਡੋਪ ਟੈਸਟ ਨਾਲ ਸਬੰਧਤ ਮਾਮਲਾ ਲੱਗਦਾ ਹੈ , ਜੋ ਕਿ 6 ਮਹੀਨੇ ਪੁਰਾਣਾ ਹੈ। ਉਨਾਂ ਕਿਹਾ ਮੈਨੂੰ ਇਹੀ ਜਾਣਕਾਰੀ ਮਿਲੀ ਹੈ ਕਿ ਡੋਪ ਟੈਸਟ ਦਾ ਫਿਟਨੈਸ ਸਰਟੀਫਿਕੇਟ ਦੇਣ ਵਾਲੇ ਡਾਕਟਰਾਂ ਦੀਆਂ ਫਰਜ਼ੀ ਮੋਹਰਾਂ ਤੇ ਫਰਜ਼ੀ ਦਸਤਖਤ ਕਰ ਕੇ ਮੋਟੇ ਰੂਪ ਵਿੱਚ ਰੁਪਏ ਲੈ ਕੇ ਡੋਪ ਟੈਸਟ ਕਰਵਾਉਣ ਵਾਲਿਆਂ ਨੂੰ ਫਿਟਨੈਸ ਸਰਟੀਫਿਕੇਟ ਦੇਣ ਦਾ ਮਾਮਲਾ ਹੈ। ਇਸ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਸਾਨੂੰ ਪੁਲਿਸ ਜਾਂ ਵਿਜੀਲੈਂਸ ਵਿਭਾਗ ਵੱਲੋਂ ਕੋਈ ਸੂਚਨਾ ਨਹੀਂ ਮਿਲੀ-ਡਾ.ਸਰੀਨ ਜਦੋਂ ਇਸ ਮਾਮਲੇ ਬਾਰੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਖਿਲ ਸਰੀਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪੁਰਾਣਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ ਇੱਕ ਐਸਐਚਓ ਸਾਹਿਬ ਜੋ ਸਰਕਾਰੀ ਹਸਪਤਾਲ ਵਿੱਚ ਆਏ ਸਨ, ਮੈਨੂੰ ਮੇਰੇ ਦਫਤਰ ਵੱਲੋਂ ਫੋਨ ਵੀ ਕੀਤਾ ਗਿਆ ਸੀ, ਪਰ ਮੈਂ ਇੱਕ ਉੱਚ ਅਧਿਕਾਰੀਆਂ ਨਾਲ ਜਰੂਰੀ ਮੀਟਿੰਗ ਵਿੱਚ ਰੁਝਿਆ ਹੋਇਆ ਸੀ, ਜਿਸ ਕਾਰਨ ਮੈਨੂੰ ਵੱਧ ਸਮਾਂ ਲੱਗਣ ਕਰਕੇ ਮੈਂ ਦਫਤਰ ਪਹੁੰਚ ਨਹੀਂ ਸਕਿਆ। ਪਰ ਸਾਨੂੰ ਨਾ ਤਾਂ ਪੁਲਿਸ ਵੱਲੋਂ ਕੋਈ ਲਿਖਤੀ ਸੂਚਨਾ ਮਿਲੀ ਅਤੇ ਨਾ ਹੀ ਵਿਜੀਲੈਂਸ ਵਿਭਾਗ ਵੱਲੋਂ ਸਾਨੂੰ ਕੋਈ ਸੂਚਨਾ ਮਿਲੀ ਹੈ ਅਤੇ ਨਾ ਹੀ ਸਾਨੂੰ ਕੋਈ ਇਹ ਜਾਣਕਾਰੀ ਹੈ ਕਿਹੜੇ ਮੁਲਾਜ਼ਮਾਂ ਨੂੰ ਚੱਕਿਆ ਗਿਆ ਹੈ। ਉਹਨਾਂ ਕਿਹਾ ਜਦੋਂ ਤੱਕ ਸਾਨੂੰ ਕੋਈ ਲਿਖਤੀ ਚਿੱਠੀ ਨਹੀਂ ਮਿਲਦੀ, ਇਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਉਹਨਾਂ ਇਹ ਵੀ ਕਿਹਾ ਕਿ ਮੈਂ ਰਿਸ਼ਵਤ ਖੋਰੀ ਦਾ ਬਿਲਕੁਲ ਵਿਰੋਧ ਕਰਦਾ ਹਾਂ। ਜੇਕਰ ਸਿਵਲ ਹਸਪਤਾਲ ਦੇ ਕੁੱਝ ਮੁਲਾਜ਼ਮਾਂ ਨੇ ਇਹ ਘਿਣੌਉਣੀ ਹਰਕਤ ਕੀਤੀ ਹੈ। ਤਾਂ ਉਸ ਦੀ ਜਾਂਚ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।