ਦੀਵਾਲੀ ਨੂੰ ਦੀਪਾਵਲੀ ਜਾਂ ਰੋਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਹ ਭਾਰਤੀ ਸੰਸਕ੍ਰਿਤੀ ਦਾ ਸਭ ਤੋਂ ਮਹੱਤਵਪੂਰਨ ਅਤੇ ਅਰਥ ਭਰਪੂਰ ਤਿਉਹਾਰ ਹੈ। ਇਹ ਸਿਰਫ਼ ਇਕ ਧਾਰਮਿਕ ਮੌਕਾ ਹੀ ਨਹੀਂ ਸਗੋਂ ਸਾਂਝ, ਖ਼ੁਸ਼ਹਾਲੀ ਅਤੇ ਚਾਨਣ ਦਾ ਪ੍ਰਤੀਕ ਹੈ। ਇਸ ਦਿਨ ਅਨੇਕਾਂ ਲੋਕ ਘਰਾਂ, ਬਾਜ਼ਾਰਾਂ ਅਤੇ ਗਲੀਆਂ ਨੂੰ ਦੀਵੇ ਬੱਤੀਆਂ ਅਤੇ ਹੋਰ ਬਿਜਲੀ ਨਾਲ ਚੱਲਣ ਵਾਲੀਆਂ ਰੰਗ-ਬਿਰੰਗੀਆਂ ਲਾਇਟਾਂ ਨਾਲ ਰੋਸ਼ਨ ਕਰਦੇ ਹਨ, ਜਿਸ ਨਾਲ ਹਨੇਰਾ ਦੂਰ ਹੋ ਕੇ ਰੋਸ਼ਨੀ ਦਾ ਵਾਸ ਹੋ ਜਾਂਦਾ ਹੈ।ਦੀਵਾਲੀ ਦਾ ਇਤਿਹਾਸ ਵੱਖ-ਵੱਖ ਧਾਰਮਿਕ ਕਥਾਵਾਂ ਨਾਲ ਜੁੜਿਆ ਹੋਇਆ ਹੈ। ਹਿੰਦੂ ਧਰਮ ਅਨੁਸਾਰ ਇਸ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲਾਂ ਦੇ ਬਨਵਾਸ ਤੋਂ ਬਾਅਦ ਆਯੁੱਧਿਆ ਵਾਪਸ ਆਏ ਸਨ। ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ’ਚ ਆਯੁੱਧਿਆ ਵਾਸੀਆਂ ਨੇ ਘਰਾਂ ’ਚ ਦੀਵੇ ਜਗਾ ਕੇ ਸਵਾਗਤ ਕੀਤਾ ਸੀ। ਇਸੇ ਤਰ੍ਹਾਂ ਕੁਝ ਥਾਵਾਂ ’ਤੇ ਇਸ ਦਿਨ ਨੂੰ ਭਗਵਾਨ ਕ੍ਰਿਸ਼ਨ ਵੱਲੋਂ ਨਰਕਾਸੁਰ ਨਾਮਕ ਅਸੁਰ ਦੇ ਨਾਸ਼ ਨਾਲ ਵੀ ਜੋੜਿਆ ਜਾਂਦਾ ਹੈ। ਜੈਨ ਧਰਮ ਅਨੁਸਾਰ ਇਸੇ ਦਿਨ ਮਹਾਵੀਰ ਜੀ ਨੇ ਨਿਰਵਾਣ ਪ੍ਰਾਪਤ ਕੀਤਾ ਸੀ। ਸਿੱਖ ਧਰਮ ’ਚ ਇਸ ਦਿਨ ਨੂੰ ਬੰਦੀਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੋ ਛੇਵੇਂ ਗੁਰੂ ਸਾਹਿਬਾਨ ਸਨ ਉਨ੍ਹਾਂ ਨੂੰ ਜਹਾਂਗੀਰ ਨੇ ਗਵਾਲਿਆਰ ਦੇ ਕਿਲੇ੍ਹ ਵਿੱਚ ਕੈਦ ਕੀਤਾ ਸੀ। ਉਨ੍ਹਾਂ ਦੇ ਨਾਲ ਹੋਰ ਬੇਕਸੂਰ ਰਾਜੇ ਵੀ ਕੈਦ ਕੀਤੇ ਹੋਏ ਸਨ। ਗੁਰੂ ਸਾਹਿਬ ਜੀ ਦੀ ਸਿਆਣਪ ਅਤੇ ਮਨੁੱਖਤਾ ਦੇ ਨਾਲ ਪ੍ਰੇਮ ਦੇ ਕਾਰਨ ਬਾਦਸ਼ਾਹ ਨੇ ਉਨ੍ਹਾਂ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ। ਪਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਉਹ ਤੱਦ ਹੀ ਬਾਹਰ ਜਾਣਗੇ ਜੇ ਸਾਰੇ ਕੈਦੀ ਰਾਜਿਆਂ ਨੂੰ ਵੀ ਛੱਡਿਆ ਜਾਵੇ। ਬਾਦਸ਼ਾਹ ਨੇ ਚਲਾਕੀ ਨਾਲ ਕਿਹਾ ਕਿ ਜਿੰਨੇ ਰਾਜੇ ਗੁਰੂ ਸਾਹਿਬ ਜੀ ਦੇ ਚੋਲੇ ਦੀਆਂ ਕਿਨਾਰੀਆਂ ਫੜ ਕੇ ਬਾਹਰ ਨਿਕਲਣਗੇ, ਉਹਨਾਂ ਨੂੰ ਛੱਡ ਦਿੱਤਾ ਜਾਵੇਗਾ। ਗੁਰੂ ਸਾਹਿਬ ਨੇ ਬੇਮਿਸਾਲ ਬੁੱਧੀਮਾਨੀ ਨਾਲ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਅਤੇ ਸਾਰੇ 52 ਰਾਜਿਆਂ ਨੂੰ ਆਪਣੇ ਨਾਲ ਬਾਹਰ ਲੈ ਕੇ ਆਏ। ਇਸ ਤਰ੍ਹਾਂ ਉਹਨਾਂ ਨੂੰ ਬੰਦੀ ਛੋੜ ਕਿਹਾ ਗਿਆ ਹੈ ਅਤੇ ਇਹ ਦਿਨ ਸਿੱਖ ਜਗਤ ਵਿੱਚ ਖ਼ਾਸ ਮਹੱਤਵ ਰੱਖਦਾ ਹੈ। ਬੰਦੀਛੋੜ ਦਿਵਸ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਅਸਲੀ ਆਜ਼ਾਦੀ ਸਿਰਫ਼ ਆਪਣੇ ਲਈ ਨਹੀਂ ਸਗੋਂ ਹੋਰਾਂ ਦੀ ਭਲਾਈ ਲਈ ਵੀ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਜੀ ਦੀ ਦਰਿਆਦਿਲੀ ਸਾਨੂੰ ਮਨੁੱਖਤਾ ਦੀ ਸੇਵਾ ਤੇ ਸੱਚਾਈ ਦੇ ਰਾਹ ’ਤੇ ਤੁਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਦਿਨ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵਿਸ਼ਾਲ ਰੋਸ਼ਨੀ ਕੀਤੀ ਜਾਂਦੀ ਹੈ। ਹਜ਼ਾਰਾਂ ਸਿੱਖ ਸੰਗਤਾਂ ਇੱਥੇ ਇਕੱਠੀਆਂ ਹੋ ਕੇ ਗੁਰਬਾਣੀ ਦਾ ਕੀਰਤਨ ਸੁਣਦੀਆਂ ਹਨ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਯਾਦ ਕਰਦੀਆਂ ਹਨ।
ਗਿਲੇ-ਸ਼ਿਕਵੇ ਭੁਲਾ ਰਿਸ਼ਤਿਆਂ ’ਚ ਲਿਆਉਂਦੇ ਮਿਠਾਸ
ਦੀਵਾਲੀ ਦਾ ਅਰਥ ਸਿਰਫ਼ ਘਰਾਂ ’ਚ ਰੋਸ਼ਨੀ ਕਰਨਾ ਹੀ ਨਹੀਂ ਸਗੋਂ ਮਨ ਦੇ ਅੰਧਕਾਰ ਨੂੰ ਦੂਰ ਕਰ ਕੇ ਨੇਕੀ ਨੂੰ ਆਪਣੀ ਜ਼ਿੰਦਗੀ ’ਚ ਲਿਆਉਣਾ ਵੀ ਹੈ। ਲਾਲਚ, ਝੂਠ, ਧੋਖਾ, ਨਫ਼ਰਤ ਤੇ ਅਹੰਕਾਰ ਵਰਗੇ ਅੰਧਕਾਰ ਨੂੰ ਦੂਰ ਕਰ ਕੇ ਸੱਚਾਈ, ਇਮਾਨਦਾਰੀ, ਪਿਆਰ ਅਤੇ ਭਰਾਤਰੀਭਾਵ ਦੀ ਰੋਸ਼ਨੀ ਆਪਣੇ ਜੀਵਨ ਵਿਚ ਜਗਾਉਣਾ ਹੀ ਅਸਲੀ ਦੀਵਾਲੀ ਹੈ। ਇਸ ਦਿਨ ਲੋਕ ਆਪਸੀ ਗਿਲੇ-ਸ਼ਿਕਵਿਆਂ ਨੂੰ ਭੁਲਾ ਕੇ ਮਿਲਾਪ ਕਰਦੇ ਹਨ ਅਤੇ ਰਿਸ਼ਤਿਆਂ ਵਿਚ ਮਿਠਾਸ ਲਿਆਉਂਦੇ ਹਨ ਅਤੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦਾ ਇਹ ਸ਼ੁੱਭ ਮੌਕਾ ਹੁੰਦਾ ਹੈ। ਇਸ ਦੌਰਾਨ ਪਰਿਵਾਰ ਇਕੱਠੇ ਹੋ ਕੇ ਘਰਾਂ ਦੀ ਸਫ਼ਾਈ ਕਰਦੇ, ਨਵੀਆਂ ਚੀਜ਼ਾਂ ਖ਼ਰੀਦਦੇ ਤੇ ਖ਼ੁਸ਼ੀਆਂ ਸਾਂਝੀਆਂ ਕਰਦੇ ਹਨ।
ਅੰਧਕਾਰ ’ਤੇ ਚਾਨਣ ਦੀ ਜਿੱਤ
ਦੀਵਾਲੀ ਰੋਸ਼ਨੀ ਦਾ ਤਿਉਹਾਰ ਹੈ ਸਗੋਂ ਇਹ ਅੰਧਕਾਰ ’ਤੇ ਚਾਨਣ ਦੀ ਜਿੱਤ, ਬੁਰਾਈ ’ਤੇ ਚੰਗਿਆਈ ਦੀ ਜਿੱਤ ਅਤੇ ਨਿਰਾਸ਼ਾ ’ਤੇ ਆਸ ਦੀ ਜਿੱਤ ਦਾ ਪ੍ਰਤੀਕ ਵੀ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਵਿਚ ਸਦਾ ਚਾਨਣ ਵੱਲ ਵਧਣਾ ਚਾਹੀਦਾ ਹੈ, ਪਿਆਰ, ਸਾਂਝ ਅਤੇ ਭਾਈਚਾਰੇ ਵਾਲਾ ਸੁਨੇਹਾ ਫੈਲਾਉਣਾ ਚਾਹੀਦਾ ਹੈ। ਸੱਚੀ ਦੀਵਾਲੀ ਉਹ ਹੈ, ਜੋ ਦਿਲਾਂ ਵਿਚ ਚਾਨਣ ਕਰੇ, ਮਨੁੱਖਤਾ ਨੂੰ ਜੋੜੇ ਅਤੇ ਸਮਾਜ ਨੂੰ ਖੁਸ਼ਹਾਲੀ ਦੇ ਰਾਹ ’ਤੇ ਲੈ ਕੇ ਜਾਵੇ। ਦੀਵਾਲੀ ਦੇ ਮੌਕੇ ’ਤੇ ਬਾਜ਼ਾਰਾਂ ’ਚ ਖ਼ਾਸ ਰੌਣਕ ਰਹਿੰਦੀ ਹੈ। ਲੋਕ ਨਵੇਂ ਕੱਪੜੇ, ਸੋਨਾ-ਚਾਂਦੀ, ਬਰਤਨ ਅਤੇ ਹੋਰ ਘਰੇਲੂ ਸਾਮਾਨ ਖ਼ਰੀਦਦੇ ਹਨ। ਇਹ ਕਾਰੋਬਾਰੀਆਂ ਤੇ ਕਿਸਾਨਾਂ ਲਈ ਵੀ ਖ਼ੁਸ਼ਹਾਲੀ ਲਿਆਉਂਦੀ ਹੈ। ਇਸ ਤਰ੍ਹਾਂ ਦੀਵਾਲੀ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕਰਦੀ ਹੈ ਤੇ ਸਮਾਜ ’ਚ ਸਮ੍ਰਿਧੀ ਦਾ ਸੁਨੇਹਾ ਦੇਂਦੀ ਹੈ। ਦੀਵਾਲੀ ਦਾ ਸਭ ਤੋਂ ਵੱਡਾ ਸੰਦੇਸ਼ ਹਨੇਰੇ ਤੋਂ ਚਾਨਣ ਵੱਲ ਜਾਣਾ ਹੈ। ਘਰਾਂ ’ਚ ਦੀਵੇ ਬਾਲਣਾ ਸਿਰਫ਼ ਸਜਾਵਟ ਹੀ ਨਹੀਂ ਸਗੋਂ ਅੰਧਕਾਰ, ਅਗਿਆਨਤਾ ਤੇ ਬੁਰਾਈ ਨੂੰ ਦੂਰ ਕਰਨ ਦਾ ਪ੍ਰਤੀਕ ਹੈ। ਸਫ਼ਾਈ ਕਰਨਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਅਸੀਂ ਮਨ ਤੇ ਘਰ ਦੋਵਾਂ ਨੂੰ ਮੈਲ ਤੋਂ ਮੁਕਤ ਕਰ ਕੇ ਪਵਿੱਤਰ ਜੀਵਨ ਵੱਲ ਵਧੀਏ।
ਕੁਦਰਤ ਦਾ ਰੱਖੀਏ ਧਿਆਨ
ਅੱਜ-ਕੱਲ੍ਹ ਦੀਵਾਲੀ ਸਮੇਂ ਪਟਾਕਿਆਂ ਦਾ ਬਹੁਤ ਜ਼ਿਆਦਾ ਰੁਝਾਨ ਹੋ ਗਿਆ ਹੈ, ਜੋ ਵਾਤਾਵਰਨ ਲਈ ਨੁਕਸਾਨਦਾਇਕ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਖ਼ੁਸ਼ੀਆਂ ਮਨਾਉਂਦੇ ਹੋਏ ਕੁਦਰਤ ਦਾ ਵੀ ਧਿਆਨ ਰੱਖੀਏ। ਪਟਾਕਿਆਂ ਦੀ ਬਜਾਏ ਦੀਵੇ ਅਤੇ ਲਾਈਟਾਂ ਨਾਲ ਘਰ ਰੋਸ਼ਨ ਕਰਨਾ ਵਾਤਾਵਰਨ ਅਤੇ ਸਿਹਤ ਦੋਵਾਂ ਲਈ ਬਿਹਤਰ ਹੈ। ਇਸ ਤਰ੍ਹਾਂ ਦੀਵਾਲੀ ਅਤੇ ਬੰਦੀਛੋੜ ਦਿਵਸ ਦੋਵੇਂ ਸਾਡੇ ਲਈ ਸਿਰਫ਼ ਖ਼ੁਸ਼ੀਆਂ ਮਨਾਉਣ ਦਾ ਹੀ ਸਮਾਂ ਨਹੀਂ ਸਗੋਂ ਨੇਕੀ ਅਪਣਾਉਣ ਤੇ ਹੋਰਾਂ ਦੀ ਭਲਾਈ ਲਈ ਯਤਨ ਕਰਨ ਦੀ ਯਾਦ ਦਿਵਾਉਂਦੇ ਹਨ। ਜਿਵੇਂ ਦੀਵੇ ਦੀ ਰੋਸ਼ਨੀ ਹਨੇਰੇ ਨੂੰ ਦੂਰ ਕਰਦੀ ਹੈ, ਉਸੇ ਤਰ੍ਹਾਂ ਸਾਨੂੰ ਵੀ ਆਪਣੀ ਜ਼ਿੰਦਗੀ ’ਚ ਸੱਚਾਈ ਤੇ ਦਇਆ ਦੀ ਰੋਸ਼ਨੀ ਫੈਲਾਉਣੀ ਚਾਹੀਦੀ ਹੈ।