ਚੰਡੀਗੜ੍ਹ : 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਹਰਿਆਣਾ ਦਾ ਦੌਰਾ ਕਰਨਗੇ। 25 ਨਵੰਬਰ ਨੂੰ ਉਹ ਕੁਰੂਕਸ਼ੇਤਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਰੋਹ ਵਿੱਚ ਹਾਜ਼ਰੀ ਭਰਨਗੇ। ਹਾਲਾਂਕਿ ਸਰਕਾਰ ਵੱਲੋਂ ਅਜੇ ਇਸ ਦੌਰੇ ਬਾਰੇ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਹੈ।ਪ੍ਰਧਾਨ ਮੰਤਰੀ ਦਾ 17 ਅਕਤੂਬਰ ਨੂੰ ਸੋਨੀਪਤ ਆਉਣ ਦਾ ਪ੍ਰੋਗਰਾਮ ਤੈਅ ਸੀ, ਪਰ ਆਖ਼ਰੀ ਸਮੇਂ ’ਤੇ ਰੱਦ ਕਰ ਦਿੱਤਾ ਗਿਆ ਸੀ। ਇਸ ਬਾਰੇ ਚਰਚਾ ਰਹੀ ਕਿ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਅਤੇ ਏਐਸਆਈ ਸੰਦੀਪ ਲਾਠੇਰ ਦੀਆਂ ਖੁਦਕੁਸ਼ੀਆਂ ਤੋਂ ਬਾਅਦ ਜਨਤਕ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ। ਹਾਲ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਨੇ ਪਟਨਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਦੇ ਦੌਰੇ ’ਤੇ ਚਰਚਾ ਕੀਤੀ। ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹਰਿਆਣਾ ਵਿੱਚ ਚਾਰ ਵੱਡੀਆਂ ਯਾਤਰਾਵਾਂ ਕੱਢੀਆਂ ਜਾਣਗੀਆਂ, ਜਿਹੜੀਆਂ ਸ਼ਾਂਤੀ, ਕੁਰਬਾਨੀ ਅਤੇ ਭਾਈਚਾਰੇ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣਗੀਆਂ। ਸੂਚਨਾ ਵਿਭਾਗ ਵੱਲੋਂ ਜਾਰੀ ਪੱਤਰ ਮੁਤਾਬਕ, ਪਹਿਲੀ ਯਾਤਰਾ 8 ਨਵੰਬਰ ਨੂੰ ਸਿਰਸਾ ਦੇ ਰੋਡੀ ਤੋਂ, ਦੂਜੀ 11 ਨਵੰਬਰ ਨੂੰ ਪਿੰਜੌਰ ਤੋਂ, ਤੀਜੀ 14 ਨਵੰਬਰ ਨੂੰ ਫ਼ਰੀਦਾਬਾਦ ਤੋਂ ਅਤੇ ਚੌਥੀ 18 ਨਵੰਬਰ ਨੂੰ ਯਮੁਨਾਨਗਰ ਦੇ ਕਪਾਲ ਮੋਚਨ ਤੋਂ ਸ਼ੁਰੂ ਹੋਵੇਗੀ। ਇਹ ਸਾਰੀਆਂ ਯਾਤਰਾਵਾਂ 25 ਨਵੰਬਰ ਨੂੰ ਕੁਰੂਕਸ਼ੇਤਰ ਪਹੁੰਚਣਗੀਆਂ, ਜਿੱਥੇ ਵੱਡਾ ਸਮਾਗਮ ਹੋਵੇਗਾ ਅਤੇ ਪ੍ਰਧਾਨ ਮੰਤਰੀ ਉਸ ਵਿੱਚ ਸ਼ਾਮਲ ਹੋਣਗੇ।ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਯਾਤਰਾਵਾਂ ਦੇ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਸੁਰੱਖਿਆ, ਆਵਾਜਾਈ ਅਤੇ ਜਨਤਕ ਸਹੂਲਤਾਂ ਦੀ ਵਿਸ਼ੇਸ਼ ਤੌਰ ’ਤੇ ਦੇਖਭਾਲ ਕੀਤੀ ਜਾਵੇਗੀ, ਤਾਂ ਜੋ ਇਹ ਸਮਾਰੋਹ ਹਰ ਤਰ੍ਹਾਂ ਸਫਲ ਅਤੇ ਸ਼ਾਂਤਮਈ ਰਹੇ।

