ਜਲੰਧਰ :
ਜਲੰਧਰ ਪੁਲਿਸ ਨੇ ਫ਼ਰਜ਼ੀ ਡਿਗਰੀਆਂ ਤੇ ਸਰਟੀਫਿਕੇਟ ਬਣਾਉਣ ਵਾਲੇ ਡਾ. ਪੁਸ਼ਕਰ ਗੋਯਲ ਮਾਮਲੇ ’ਚ ਉਸਦੀ ਮਹਿਲਾ ਸਾਥੀ ਮੋਨਿਕਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਅਗਸਤ ਮਹੀਨੇ ‘ਚ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਅਬਰਨ ਐਸਟੇਟ ‘ਚ ਛਾਪੇਮਾਰੀ ਦੌਰਾਨ ਡਾ. ਪੁਸ਼ਕਰ ਗੋਇਲ ਨੂੰ ਗ੍ਰਿਫਤਾਰ ਕੀਤਾ ਸੀ। ਉਸ ਤੋਂ ਦਰਜਨਾਂ ਫਰਜ਼ੀ ਸਰਟੀਫਿਕੇਟ, ਯੂਨੀਵਰਸਿਟੀ ਡਿਗਰੀਆਂ ਤੇ ਗੈਰਕਾਨੂੰਨੀ ਸ਼ਰਾਬ ਬਰਾਮਦ ਹੋਈ ਸੀ। ਡਾ. ਗੋਇਲ ਦੀ ਸਾਥਣ ਮਹਿਲਾ ਕਾਫੀ ਸਮੇਂ ਤੋਂ ਫਰਾਰ ਸੀ।ਜਾਂਚ ‘ਚ ਸਾਹਮਣੇ ਆਇਆ ਕਿ ਸਾਰਾ ਗਿਰੋਹ ਟ੍ਰੈਵਲ ਏਜੰਟਾਂ ਰਾਹੀਂ ਵਿਦੇਸ਼ ਜਾਣ ਚਾਹੁੰਦੇ ਨੌਜਵਾਨਾਂ ਨੂੰ ਫ਼ਰਜ਼ੀ ਡਿਗਰੀਆਂ ਵੇਚਦਾ ਸੀ। ਡਾ. ਗੋਇਲ ਦੀ ਸਾਥਣ ਮੋਨਿਕਾ, ਜੋ ਜਲੰਧਰ ਦੀ ਚੌਗਿੱਟੀ ਦੀ ਰਹਿਣ ਵਾਲੀ ਹੈ, ਆਨਲਾਈਨ ਮੈਰਿਜ ਐਪਸ ਰਾਹੀਂ ਤਲਾਕਸ਼ੁਦਾ ਤੇ ਲੋੜਵੰਦ ਔਰਤਾਂ ਨਾਲ ਸੰਪਰਕ ਕਰਦੀ ਸੀ ਤੇ ਉਨ੍ਹਾਂ ਨੂੰ ਆਪਣੇ ਨੈੱਟਵਰਕ ’ਚ ਸ਼ਾਮਲ ਕਰ ਲੈਂਦੀ ਸੀ। ਡਾ. ਪੁਸ਼ਕਰ ਤੇ ਮੋਨਿਕਾ ਟ੍ਰੈਵਲ ਏਜੰਟਾਂ ਨਾਲ ਮਿਲਕੇ ਗਾਹਕਾਂ ਨੂੰ ਸਸਤੀ ਤੇ ਅਸਲੀ ਵਰਗੀ ਲੱਗਣ ਵਾਲੀ ਫਰਜ਼ੀ ਡਿਗਰੀ ਦੇਣ ਦਾ ਲਾਲਚ ਦਿੰਦੇ ਸਨ। ਪੁਲਿਸ ਨੇ ਮੁਲਜ਼ਮ ਡਾਕਟਰ ਦੇ ਟਿਕਾਣੇ ਤੋਂ ਸੀਬੀਐੱਸਈ, ਪੰਜਾਬ ਸਕੂਲ ਸਿੱਖਿਆ ਬੋਰਡ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਹੋਟਲ ਮੈਨੇਜਮੈਂਟ ਤੇ ਬੀ-ਫਾਰਮੇਸੀ ਵਰਗੀਆਂ ਸੰਸਥਾਵਾਂ ਦੇ ਫ਼ਰਜ਼ੀ ਸਰਟੀਫਿਕੇਟ ਬਰਾਮਦ ਕੀਤੇ ਹਨ। ਇਨ੍ਹਾਂ ’ਤੇ ਵਿਦਿਆਰਥੀਆਂ ਦੇ ਨਾਮ, ਰੋਲ ਨੰਬਰ ਤੇ ਹੋਰ ਵੇਰਵੇ ਵੀ ਛਪੇ ਹੋਏ ਸਨ ਤਾਂ ਜੋ ਉਹ ਅਸਲੀ ਲੱਗਣ। ਜਾਂਚ ’ਚ ਪਤਾ ਲੱਗਿਆ ਕਿ ਡਾ. ਗੋਇਲ ਹਰ ਡਿਗਰੀ ਦੇ ਬਦਲੇ 50 ਹਜ਼ਾਰ ਤੋਂ ਦੋ ਲੱਖ ਰੁਪਏ ਤੱਕ ਲੈਂਦਾ ਸੀ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਮੋਨਿਕਾ ਨਾਲ ਮਿਲਕੇ ਆਪਣੇ ਦਫ਼ਤਰ ’ਚ ਹੀ ਡਿਗਰੀਆਂ ਤਿਆਰ ਕਰਦਾ ਸੀ ਤੇ ਉਨ੍ਹਾਂ ’ਤੇ ਸਰਕਾਰੀ ਮੋਹਰਾਂ ਲਗਵਾਉਣ ਲਈ ਕੁਝ ਵਿਭਾਗੀ ਕਰਮਚਾਰੀਆਂ ਦੀ ਮਦਦ ਲੈਂਦਾ ਸੀ। ਪੁਲਿਸ ਨੇ ਇਸ ਦਿਸ਼ਾ ’ਚ ਜਾਂਚ ਤੇਜ਼ ਕਰ ਦਿੱਤੀ ਹੈ ਤੇ ਉਨ੍ਹਾਂ ਅਧਿਕਾਰੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਨ੍ਹਾਂ ਗਿਰੋਹ ਦੀ ਮਦਦ ਕੀਤੀ।

