13 ਨਵੰਬਰ ਤੋਂ ਲਾਗੂ ਹੋ ਸਕਦੀਆਂ ਹਨ ਨਵੀਆਂ ਦਰਾਂ

ਮੋਹਾਲੀ: Major Times
ਪੰਜਾਬ ਦੇ ਦੁੱਧ ਖਪਤਕਾਰਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗ ਸਕਦਾ ਹੈ। ਵੇਰਕਾ ਵੱਲੋਂ ਤਾਜ਼ੇ ਪੈਕਟ ਵਾਲੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਰਿਪੋਰਟਾਂ ਮੁਤਾਬਕ ਨਵੀਆਂ ਕੀਮਤਾਂ 13 ਨਵੰਬਰ ਤੋਂ ਲਾਗੂ ਹੋ ਸਕਦੀਆਂ ਹਨ। ਹਾਲਾਂਕਿ ਕੰਪਨੀ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।
ਜਾਣਕਾਰੀ ਅਨੁਸਾਰ, ਵੱਖ-ਵੱਖ ਕਿਸਮਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਵਾਧਾ ਹੋਣ ਦੀ ਸੰਭਾਵਨਾ ਹੈ। ਇੱਕ ਡੀਲਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕੀਮਤਾਂ ਵਿੱਚ ਵਾਧੇ ਦੀ ਪੁਸ਼ਟੀ ਕੀਤੀ ਹੈ।
ਇਸ ਤਰ੍ਹਾਂ ਵਧ ਸਕਦੀਆਂ ਹਨ ਦੁੱਧ ਦੀਆਂ ਕੀਮਤਾਂ:
ਪ੍ਰਸਤਾਵਿਤ ਦਰਾਂ ਮੁਤਾਬਕ:
-
ਡਬਲ ਟੋਨਡ ਦੁੱਧ ਦਾ 500 ਮਿਲੀਲੀਟਰ ਪੈਕਟ 27 ਰੁਪਏ ਤੋਂ ਵਧ ਕੇ 28 ਰੁਪਏ ਹੋ ਸਕਦਾ ਹੈ।
-
ਸਟੈਂਡਰਡ ਦੁੱਧ ਦਾ 500 ਮਿਲੀਲੀਟਰ ਪੈਕਟ 33 ਰੁਪਏ ਤੋਂ ਵਧ ਕੇ 35 ਰੁਪਏ ਹੋ ਸਕਦਾ ਹੈ।
-
ਫੁੱਲ ਕਰੀਮ ਦੁੱਧ ਦਾ 500 ਮਿਲੀਲੀਟਰ ਪੈਕਟ 36 ਰੁਪਏ ਤੋਂ ਵਧ ਕੇ 38 ਰੁਪਏ ਹੋ ਸਕਦਾ ਹੈ।
-
ਇੱਕ ਲੀਟਰ ਸਟੈਂਡਰਡ ਦੁੱਧ ਦੀ ਕੀਮਤ 65 ਰੁਪਏ ਤੋਂ ਵਧ ਕੇ 69 ਰੁਪਏ ਹੋਣ ਦੀ ਸੰਭਾਵਨਾ ਹੈ।
-
ਇੱਕ ਲੀਟਰ ਫੁੱਲ ਕਰੀਮ ਦੁੱਧ 72 ਰੁਪਏ ਦੀ ਬਜਾਏ 76 ਰੁਪਏ ਦਾ ਮਿਲ ਸਕਦਾ ਹੈ।
ਦੋ ਲੀਟਰ ਵਾਲੇ ਪੈਕਟ ਵੀ ਹੋ ਸਕਦੇ ਹਨ ਮਹਿੰਗੇ
ਦੋ ਲੀਟਰ ਵਾਲੇ ਪੈਕਟਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਸਟੈਂਡਰਡ ਦੁੱਧ ਦਾ ਦੋ ਲੀਟਰ ਪੈਕਟ 128 ਰੁਪਏ ਤੋਂ ਵਧ ਕੇ 138 ਰੁਪਏ ਅਤੇ ਫੁੱਲ ਕਰੀਮ ਦੁੱਧ ਦਾ ਦੋ ਲੀਟਰ ਪੈਕਟ 142 ਰੁਪਏ ਤੋਂ ਵਧ ਕੇ 150 ਰੁਪਏ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮੂਲ ਅਤੇ ਮਦਰ ਡੇਅਰੀ ਵੱਲੋਂ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਚੁੱਕਾ ਹੈ। ਫਿਲਹਾਲ ਵੇਰਕਾ ਦੀਆਂ ਨਵੀਆਂ ਦਰਾਂ ਸਬੰਧੀ ਅਧਿਕਾਰਤ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਲਈ 13 ਨਵੰਬਰ ਤੋਂ ਕੀਮਤਾਂ ਲਾਗੂ ਹੋਣ ਦੀ ਖ਼ਬਰ ਨੂੰ ਅਜੇ ਸੰਭਾਵਿਤ ਹੀ ਮੰਨਿਆ ਜਾਵੇ।
