ਜਲੰਧਰ : 
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਮੌਤ ਨਾਲ ਸਬੰਧਤ ਸੜਕ ਹਾਦਸੇ ਦੇ ਮੁੱਖ ਮੁਲਜ਼ਮ ਗੁਰਸ਼ਰਨ ਸਿੰਘ ਉਰਫ਼ ਪ੍ਰਿੰਸ ਨੇ ਮੰਗਲਵਾਰ ਸ਼ਾਮ ਦੇਰ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ। ਥਾਣਾ ਨੰਬਰ 6 ਦੀ ਪੁਲਿਸ ਨੇ ਅਦਾਲਤ ਕੰਪਲੈਕਸ ’ਚ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਸ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਅਦਾਲਤ ਨੇ ਮੰਨਿਆ ਸੀ ਕਿ ਮਾਮਲਾ ਬਹੁਤ ਗੰਭੀਰ ਹੈ ਤੇ ਮੁਲਜ਼ਮ ਵੱਲੋਂ ਲਾਪਰਵਾਹੀ ਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦੇ ਪੱਕੇ ਸਬੂਤ ਹਨ। ਇਸ ਫੈਸਲੇ ਤੋਂ ਬਾਅਦ ਪ੍ਰਿੰਸ ਫਰਾਰ ਸੀ। ਇਹ ਦਰਦਨਾਕ ਹਾਦਸਾ 13 ਸਤੰਬਰ ਦੀ ਰਾਤ ਜਲੰਧਰ ਦੇ ਮਾਡਲ ਟਾਊਨ ਇਲਾਕੇ ’ਚ ਵਾਪਰਿਆ ਸੀ। ਐੱਫ਼ਆਈਆਰ ਮੁਤਾਬਕ ਗੁਰਸ਼ਰਨ ਸਿੰਘ ਉਰਫ਼ ਪ੍ਰਿੰਸ ਆਪਣੀ ਤੇਜ਼ ਰਫ਼ਤਾਰ ਕ੍ਰੇਟਾ ਕਾਰ ਚਲਾ ਰਿਹਾ ਸੀ, ਜਿਸ ਨੇ ਰਿਚੀ ਕੇਪੀ ਦੀ ਫਾਰਚੂਨਰ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਰਿਚੀ ਦੀ ਕਾਰ ਉਛਲ ਕੇ ਨੇੜੇ ਖੜ੍ਹੀਆਂ ਹੋਰ ਚਾਰ ਗੱਡੀਆਂ ਨਾਲ ਜਾ ਟਕਰਾਈ। ਹਾਦਸੇ ’ਚ ਰਿਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਪ੍ਰਿੰਸ ਮੌਕੇ ਤੋਂ ਕਾਰ ਛੱਡ ਕੇ ਭੱਜ ਗਿਆ ਸੀ।
ਅਦਾਲਤ ’ਚ ਨਹੀਂ ਮਿਲੀ ਰਾਹਤ
ਘਟਨਾ ਤੋਂ ਬਾਅਦ ਜਲੰਧਰ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਗ੍ਰਿਫ਼ਤਾਰੀ ਤੋਂ ਬਚਣ ਲਈ ਪ੍ਰਿੰਸ ਨੇ ਪਹਿਲਾਂ ਜਲੰਧਰ ਦੀ ਹੇਠਲੀ ਅਦਾਲਤ ’ਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ, ਜਿਸ ਦੀ ਸੁਣਵਾਈ 22 ਸਤੰਬਰ ਨੂੰ ਹੋਈ। ਅਦਾਲਤ ਨੇ ਕੋਈ ਰਾਹਤ ਨਹੀਂ ਦਿੱਤੀ ਤੇ ਅਗਲੀ ਤਾਰੀਕ 30 ਸਤੰਬਰ ਤੈਅ ਕੀਤੀ। ਹੇਠਲੀ ਅਦਾਲਤ ਤੋਂ ਨਿਰਾਸ਼ ਹੋ ਕੇ ਮੁਲਜ਼ਮ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਪਰ ਹਾਈ ਕੋਰਟ ਨੇ ਵੀ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ।
ਪੁਲਿਸ ਦਾ ਦਬਾਅ ਵਧਿਆ, ਆਖ਼ਿਰ ਕੀਤਾ ਸਮਰਪਣ
ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੇ ਪੁਲਿਸ ਵੱਲੋਂ ਸਖ਼ਤ ਕਾਰਵਾਈ ਦੇ ਦਬਾਅ ਹੇਠ ਗੁਰਸ਼ਰਨ ਸਿੰਘ ਨੇ ਮੰਗਲਵਾਰ ਨੂੰ ਅਦਾਲਤ ’ਚ ਸਮਰਪਣ ਕਰਨ ਦਾ ਫ਼ੈਸਲਾ ਕੀਤਾ। ਥਾਣਾ ਨੰਬਰ 6 ਦੀ ਪੁਲਿਸ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਿਰਾਸਤ ’ਚ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਪਹਿਲਾਂ ਹੀ ਮੁਲਜ਼ਮ ਦੇ ਸੰਭਾਵੀ ਟਿਕਾਣਿਆਂ ’ਤੇ ਨਿਗਰਾਨੀ ਵਧਾ ਦਿੱਤੀ ਸੀ। ਹਾਦਸੇ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੇ ਦੋ ਜੀਜਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ’ਤੇ ਉਸ ਦੀ ਮਦਦ ਕਰਕੇ ਫਰਾਰ ਹੋਣ ਦਾ ਦੋਸ਼ ਹੈ। ਹੁਣ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਅਗਲੀ ਜਾਂਚ ਕਰੇਗੀ।

