ਜਲੰਧਰ :![]()
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਪੀਏਪੀ ਚੌਕ ਤੋਂ ਲੈ ਕੇ ਆਰਓਬੀ ਤੱਕ ਹਾਈਵੇ ’ਤੇ ਰੈਂਪ ਨਿਰਮਾਣ ਤੇ ਫਗਵਾੜਾ ਤੋਂ ਵਿਧੀਪੁਰ ਤੱਕ ਨੈਸ਼ਨਲ ਹਾਈਵੇ ਦੀ ਹਾਲਤ ਸੁਧਾਰਨ ਲਈ 93.67 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ। ਹੁਣ 19 ਨਵੰਬਰ ਨੂੰ ਇਸ ਲਈ ਟੈਂਡਰ ਮੰਗੇ ਗਏ ਹਨ। ਇਸ ’ਚੋਂ ਪੀਏਪੀ ਚੌਕ ਦੇ ਨੇੜੇ ਰੈਂਪ ਨਿਰਮਾਣ ‘ਤੇ ਲਗਭਗ 4.685 ਕਰੋੜ ਰੁਪਏ ਖਰਚ ਕੀਤੇ ਜਾਣਗੇ। ਐੱਨਐੱਚਏਆਈ ਇੱਥੇ 5.5 ਮੀਟਰ ਚੌੜਾ ਤੇ ਕਰੀਬ 300 ਮੀਟਰ ਲੰਮਾ ਰੈਂਪ ਤਿਆਰ ਕਰੇਗੀ। ਇਸ ਰੈਂਪ ਦੇ ਬਣਨ ਨਾਲ ਲੋਕਾਂ ਨੂੰ ਪੀਏਪੀ ਤੋਂ ਸਿੱਧਾ ਅੰਮ੍ਰਿਤਸਰ ਹਾਈਵੇ ਵੱਲ ਜਾਣਾ ਆਸਾਨ ਹੋ ਜਾਵੇਗਾ। ਪੀਏਪੀ ਤੋਂ ਆਰਓਬੀ ਤੱਕ ਰੈਂਪ ਪ੍ਰੋਜੈਕਟ ਲਈ ਨੈਸ਼ਨਲ ਹਾਈਵੇ ਅਥਾਰਟੀ ਨੂੰ ਪੰਜਾਬ ਆਰਮਡ ਪੁਲਿਸ ਵੱਲੋਂ ਇਕ ਮਹੀਨਾ ਪਹਿਲਾਂ ਹੀ ਜਗ੍ਹਾ ਦੇਣ ਦੀ ਮਨਜ਼ੂਰੀ ਮਿਲ ਗਈ ਸੀ। ਪੀਏਪੀ ਤੋਂ ਰੈਂਪ ਬਣਨ ਕਾਰਨ ਹੁਣ ਵਾਹਨਾਂ ਨੂੰ ਅੰਮ੍ਰਿਤਸਰ ਜਾਣ ਲਈ ਰਾਮਾਮੰਡੀ ਚੌਕ ’ਚੋਂ ਘੁੰਮ ਕੇ ਨਹੀਂ ਜਾਣਾ ਪਵੇਗਾ। ਵਾਹਨ ਸਿੱਧੇ ਪੀਏਪੀ ਚੌਕ ਤੋਂ ਹੀ ਫਲਾਈਓਵਰ ’ਤੇ ਚੜ੍ਹ ਸਕਣਗੇ। ਇਸਨੂੰ ਚੌੜਾ ਕਰਨ ਲਈ 4.685 ਕਰੋੜ ਰੁਪਏ ਖਰਚੇ ਜਾਣਗੇ। ਇਸ ਪ੍ਰੋਜੈਕਟ ਲਈ ਪੀਏਪੀ ਮੁੱਖ ਦਫ਼ਤਰ ਤੋਂ ਜਗ੍ਹਾ ਦੀ ਮੰਗ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਸੀ। ਜਦੋਂ ਪੀਏਪੀ ਮੁੱਖ ਦਫ਼ਤਰ ਨੇ ਆਪਣੀ ਕੰਧ ਪਿੱਛੇ ਕਰਨ ਲਈ ਸਹਿਮਤੀ ਦਿੱਤੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਐੱਨਐੱਚਏਆਈ ਦੇ ਅਧਿਕਾਰੀਆਂ ਦੀ ਮੀਟਿੰਗ ’ਚ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਸੀ। ਹੁਣ ਪ੍ਰੋਜੈਕਟ ਅੰਤਿਮ ਪੜਾਅ ’ਚ ਹੈ। ਐੱਨਐੱਚਏਆਈ ਦੇ ਪ੍ਰੋਜੈਕਟ ਅਧਿਕਾਰੀ ਜਗਦੀਸ਼ ਕਾਨੂਗੋ ਨੇ ਕਿਹਾ ਕਿ ਦਿੱਲੀ ‘ਚ ਟੈਂਡਰ ਖੁਲ੍ਹਣ ਤੋਂ ਬਾਅਦ ਪ੍ਰੋਜੈਕਟ ਉਨ੍ਹਾਂ ਕੋਲ ਆਵੇਗਾ ਤੇ ਜਲਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। — ਹਾਦਸਿਆਂ ਕਾਰਨ ਪੀਏਪੀ ਦੀ ਸਰਵਿਸ ਲੇਨ ਸੀ ਬੰਦ ਪੀਏਪੀ ਚੌਕ ਤੋਂ ਸਰਵਿਸ ਲੇਨ ਆਰਓਬੀ ਨਾਲ ਮਿਲਦੀ ਸੀ ਪਰ ਫਲਾਈਓਵਰ ’ਤੇ ਤੇਜ਼ ਰਫ਼ਤਾਰ ਨਾਲ ਆ ਰਹੇ ਵਾਹਨਾਂ ਕਾਰਨ ਅਕਸਰ ਇੱਥੇ ਹਾਦਸੇ ਹੁੰਦੇ ਸਨ। ਅਚਾਨਕ ਸਰਵਿਸ ਲੇਨ ਤੋਂ ਵਾਹਨ ਉੱਪਰ ਚੜ੍ਹ ਜਾਣ ਕਾਰਨ ਪਿੱਛੇ ਆ ਰਹੇ ਵਾਹਨ ਟਕਰਾ ਜਾਂਦੇ ਸਨ। ਇਸ ਕਾਰਨ ਪੰਜ ਸਾਲ ਪਹਿਲਾਂ ਸੜਕ ਦੀ ਇਹ ਕੁਨੈਕਟਿਵਿਟੀ ਬੰਦ ਕਰ ਦਿੱਤੀ ਗਈ ਸੀ। ਇਹ ਕੱਟ ਬੰਦ ਹੋਣ ਨਾਲ ਵਾਹਨਾਂ ਨੂੰ ਰਾਮਾਮੰਡੀ ’ਚੋਂ ਲਗਭਗ ਚਾਰ ਕਿੱਲੋਮੀਟਰ ਵਧੇਰੇ ਚੱਕਰ ਲਗਾਉਣਾ ਪੈਂਦਾ ਸੀ। ਹੁਣ ਸਰਵਿਸ ਲੇਨ ’ਤੇ ਰੈਂਪ ਬਣਨ ਨਾਲ ਲੋਕਾਂ ਨੂੰ ਵੱਡੀ ਸੁਵਿਧਾ ਮਿਲੇਗੀ। — ਭਾਜਪਾ ਨੇਤਾ ਨੇ ਕੀਤੇ ਸਨ ਯਤਨ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਇਸ ਪ੍ਰੋਜੈਕਟ ਲਈ ਖਾਸ ਯਤਨ ਕੀਤੇ ਸਨ। ਉਨ੍ਹਾਂ ਨੇ ਦੱਸਿਆ ਕਿ ਪੀਏਪੀ ਦੇ ਨੇੜੇ ਰੈਂਪ ਨਿਰਮਾਣ ਲਈ ਉਨ੍ਹਾਂ ਨੇ ਕੇਂਦਰੀ ਸੜਕ ਪਰਿਵਹਨ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਸੀ। ਉਦੋਂ ਨਿਤਿਨ ਗਡਕਰੀ ਨੇ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ। ਇਸ ਕੰਮ ਲਈ ਫੰਡ ਜਾਰੀ ਹੋਣ ਤੋਂ ਬਾਅਦ ਟੈਂਡਰ ਜਾਰੀ ਕੀਤਾ ਗਿਆ ਹੈ। ਨੈਸ਼ਨਲ ਹਾਈਵੇ ਨੇ 28 ਅਕਤੂਬਰ ਨੂੰ 93.67 ਕਰੋੜ ਰੁਪਏ ਦਾ ਟੈਂਡਰ ਲਾਇਆ ਹੈ। ਸੁਸ਼ੀਲ ਰਿੰਕੂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਵੱਲੋਂ ਲਾਇਆ ਟੈਂਡਰ 19 ਨਵੰਬਰ ਸਵੇਰੇ 11:30 ਵਜੇ ਖੁੱਲ੍ਹੇਗਾ। ਟੈਂਡਰ ਮੁਤਾਬਕ 6 ਮਹੀਨੇ ‘ਚ ਪੀਏਪੀ ਦਾ ਰੈਂਪ ਤਿਆਰ ਹੋ ਜਾਵੇਗਾ।

