ਨਵੀਂ ਦਿੱਲੀ, 
ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਕਿਸਾਨਾਂ ਦੀ ਆਮਦਨ ਵਧਾਉਣ, ਲਾਗਤ ਘਟਾਉਣ ਤੇ ਉਨ੍ਹਾਂ ਨੂੰ ਲੁੜੀਂਦਾ ਬਾਜ਼ਾਰ ਮੁੱਲ ਦਿਵਾਉਣ ਦੇ ਮਕਸਦ ਨਾਲ ਦੇਸ਼ ਵਿਚ ਕਿਸਾਨ-ਉਤਪਾਦਕ ਸੰਗਠਨ (ਐੱਫਪੀਓ) ਨਵੀਂ ਆਰਥਿਕ ਕ੍ਰਾਂਤੀ ਦੀ ਦਿਸ਼ਾ ਵਿਚ ਅੱਗੇ ਵੱਧ ਰਹੇ ਹਨ। ਦਿੱਲੀ ਵਿਚ ਹੋਏ ਦੋ ਦਿਨਾ ਰਾਸ਼ਟਰੀ ਐੱਫਪੀਓ ਸਮਾਗਮ ਦੇ ਉਦਘਾਟਨ ਮੌਕੇ ਚੌਹਾਨ ਨੇ ਕਿਹਾ ਕਿ ਹੁਣ ਤੱਕ 10 ਹਜ਼ਾਰ ਐੱਫਪੀਓ ਦਾ ਗਠਨ ਹੋ ਚੁੱਕਾ ਹੈ ਜਿਨ੍ਹਾਂ ਨਾਲ ਲਗਪਗ 52 ਲੱਖ ਕਿਸਾਨ ਜੁੜੇ ਹਨ। ਟੀਚਾ ਹੈ ਕਿ ਅਗਲੇ ਪੜਾਆਂ ਵਿਚ ਦੋ ਕਰੋੜ ਕਿਸਾਨਾਂ ਨੂੰ ਐੱਫਪੀਓ ਨਾਲ ਜੋੜਿਆ ਜਾਵੇ ਜਿਨ੍ਹਾਂ ਵਿਚ 50 ਫ਼ੀਸਦੀ ਔਰਤਾਂ ਹੋਣਗੀਆਂ। ਸ਼ਿਵਰਾਜ ਨੇ ਦੱਸਿਆ ਕਿ ਦੇਸ਼ ਦੇ 1100 ਐੱਫਪੀਓ ਕਰੋੜਾਂ ਰੁਪਏ ਦੇ ਕਾਰੋਬਾਰ ਤੱਕ ਪਹੁੰਚ ਚੁੱਕੇ ਹਨ ਜਿਨ੍ਹਾਂ ਵਿਚੋਂ ਕੁਝ 100 ਕਰੋੜ ਰੁਪਏ ਤੋਂ ਵੱਧ ਦੇ ਉੱਦਮ ਬਣ ਚੁੱਕੇ ਹਨ। ਇਹ ਸਮੂਹਿਕ ਸ਼ਕਤੀ ਅਤੇ ਸੰਗਠਨਾਤਮਕ ਸਮਰੱਥਾ ਦਾ ਨਤੀਜਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਐੱਫਪੀਓ ਨੂੰ ਗੁਣਵੱਤਾ, ਭਰੋਸੇਯੋਗਤਾ ਅਤੇ ਪਾਰਦਰਸ਼ਤਾ ਦੇ ਆਧਾਰ ’ਤੇ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਨੂੰ ਮਜ਼ਬੂਤ ਕਰਨ ਵਿਚ ਐੱਫਪੀਓ ਪ੍ਰਭਾਵਸ਼ਾਲੀ ਮਾਧਿਅਮ ਬਣ ਰਹੇ ਹਨ। ਕਿਸਾਨ ਸਿਰਫ਼ ਉਤਪਾਦਕ ਨਹੀਂ ਰਹੇ ਸਗੋਂ ਖੇਤੀਬਾੜੀ ਖੇਤਰ ਵਿਚ ਨਵੀਨਤਾ, ਪ੍ਰੋਸੈਸਿੰਗ ਅਤੇ ਕੀਮਤਾਂ ’ਚ ਵਾਧੇ ਜ਼ਰੀਏ ਉੱਦਮੀ ਵੀ ਬਣ ਰਹੇ ਹਨ। ਸਰਕਾਰ ਦਾ ਟੀਚਾ ਐੱਫਪੀਓ ਦਾ ਗਠਨ ਕਰਨਾ ਹੀ ਨਹੀਂ ਸਗੋਂ ਉਨ੍ਹਾਂ ਨੂੰ ਆਤਮ-ਨਿਰਭਰ ਅਤੇ ਟਿਕਾਊ ਬਣਾਉਣਾ ਵੀ ਹੈ। ਉਨ੍ਹਾਂ ਅਪੀਲ ਕੀਤੀ ਕਿ ਐੱਫਪੀਓ ਨੂੰ ਖਾਦ, ਬੀਜ ਅਤੇ ਕੀਟਨਾਸ਼ਕਾਂ ਦੇ ਲਾਇਸੈਂਸ ਜ਼ਿਆਦਾ ਗਿਣਤੀ ’ਚ ਦਿੱਤੇ ਜਾਣ ਤਾਂ ਜੋ ਉਹ ਥੋਕ ਵਿਚ ਖ਼ਰੀਦਦਾਰੀ ਕਰ ਕੇ ਕਿਸਾਨਾਂ ਨੂੰ ਸਸਤੀਆਂ ਦਰਾਂ ’ਤੇ ਮੁਹੱਈਆ ਕਰਵਾ ਸਕਣ। ਇਸ ਨਾਲ ਉਤਪਾਦਨ ਦੀ ਲਾਗਤ ਘਟੇਗੀ ਅਤੇ ਲਾਭ ਵਧੇਗਾ। ਰਲਵੀਂ ਖੇਤੀ ’ਤੇ ਧਿਆਨ ਕੇਂਦਰਿਤ ਕਰ ਕੇ ਕਿਸਾਨਾਂ ਦੀ ਆਮਦਨ ਵਿਚ ਸਥਾਈ ਵਾਧਾ ਕੀਤਾ ਜਾ ਸਕਦਾ ਹੈ। ਸਿਰਫ਼ ਅਨਾਜ ਹੀ ਨਹੀਂ ਸਗੋਂ ਬਾਗਬਾਨੀ, ਡੇਅਰੀ, ਮੱਛੀ ਪਾਲਣ ਅਤੇ ਪ੍ਰੋਸੈਸਿੰਗ ਵਰਗੀਆਂ ਗਤੀਵਿਧੀਆਂ ਨੂੰ ਵੀ ਖੇਤੀ ਨਾਲ ਜੋੜਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਸਰਕਾਰ ਜਲਦੀ ਹੀ ਸੀਡ ਐਕਟ ਲਿਆਉਣ ਵਾਲੀ ਹੈ ਤਾਂ ਜੋ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ ਮਿਲ ਸਕਣ। ਨਕਲੀ ਬੀਜ ਅਤੇ ਕੀਟਨਾਸ਼ਕਾਂ ਖ਼ਿਲਾਫ਼ ਸਖਤ ਕਾਨੂੰਨ ਬਣਾਇਆ ਜਾਵੇਗਾ। ਕਿਸਾਨ ਜਦੋਂ ਤੱਕ ਫਸਲ ਦੀ ਪ੍ਰੋਸੈਸਿੰਗ ਅਤੇ ਵਪਾਰ ਖ਼ੁਦ ਨਹੀਂ ਕਰਨਗੇ ਉਦੋਂ ਤੱਕ ਉਨ੍ਹਾਂ ਦੀ ਆਮਦਨ ਵਿਚ ਲੁੜੀਂਦਾ ਵਾਧਾ ਸੰਭਵ ਨਹੀਂ। ਸਮਾਗਮ ਵਿਚ 24 ਸੂਬਿਆਂ ਅਤੇ 140 ਜ਼ਿਲ੍ਹਿਆਂ ਦੇ 500 ਤੋਂ ਵੱਧ ਐੱਫਪੀਓ ਨੇ ਹਿੱਸਾ ਲਿਆ। 267 ਐੱਫਪੀਓ ਨੇ ਅਨਾਜ, ਤਿਲਾਂ ਵਾਲੀਆਂ ਫ਼ਸਲਾਂ, ਦਾਲਾਂ, ਫਲ, ਸਬਜ਼ੀਆਂ ਅਤੇ ਜੈਵਿਕ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ। ਮੰਤਰੀ ਨੇ ਸ਼ਾਨਦਾਰ ਐੱਫਪੀਓ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਨਮਾਨਿਤ ਕੀਤਾ ਅਤੇ ਕਿਸਾਨਾਂ ਤੋਂ ਉਨ੍ਹਾਂ ਦੇ ਤਜਰਬੇ ਸੁਣੇ।

