ਕਪੂਰਥਲਾ : 
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ ‘ਚ ਜ਼ਿਲ੍ਹਾ ਪੁਲਿਸ ਨੇ ਮੁੱਖ ਕਿੰਗਪਿਨ ਫਿਰੋਜ਼ਪੁਰ ਨਿਵਾਸੀ ਗੁਰਨਾਮ ਸਿੰਘ ਉਰਫ਼ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤਕ ਪੁਲਿਸ ਨੇ ਇਸ ਮਾਮਲੇ ‘ਚ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਦਕਿ ਹੋਰ ਕਈ ਪੁਲਿਸ ਦੇ ਰਡਾਰ ‘ਤੇ ਹਨ। ਹਾਲਾਂਕਿ ਇਸ ਬਾਰੇ ਪੁਲਿਸ ਵਧੇਰੇ ਜਾਣਕਾਰੀ ਦੇਣ ਤੋਂ ਬਚ ਰਹੀ ਹੈ। ਤਿੰਨਾਂ ਤੋਂ ਪੁਲਿਸ ਨੇ ਛੇ ਮੋਬਾਈਲ ਫੋਨ ਬਰਾਮਦ ਕਰ ਕੇ ਫੋਰੈਂਸਿਕ ਜਾਂਚ ਲਈ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਦਫਤਰ ‘ਚ ਪ੍ਰੈਸ ਕਾਨਫਰੰਸ ਦੌਰਾਨ ਐਸਪੀ-ਡੀ ਪ੍ਰਭਜੋਤ ਸਿੰਘ ਵਿਰਕ ਨੇ ਸਨਸਨੀਖੇਜ਼ ਖੁਲਾਸੇ ਕਰਦਿਆਂ ਦੱਸਿਆ ਕਿ ਕੇਂਦਰੀ ਏਜੰਸੀਆਂ ਦੇ ਇਨਪੁੱਟ ਦੇ ਆਧਾਰ ‘ਤੇ 28 ਅਕਤੂਬਰ ਨੂੰ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਫਾਈ ਮੁਲਾਜ਼ਮ 25 ਸਾਲਾ ਰਾਜਾ ਨਿਵਾਸੀ ਪਿੰਡ ਮੁਸ਼ਕਵੇਦ ਜ਼ਿਲ੍ਹਾ ਕਾਪੂਰਥਲਾ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੇ ਨਿਊ ਆਰਮੀ ਕੈਂਟ ਦੀਆਂ ਤਸਵੀਰਾਂ ਤੇ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਭੇਜੀ ਹੈ। ਐਸਪੀ ਅਨੁਸਾਰ, ਰਾਜਾ ਨੇ ਦੱਸਿਆ ਕਿ ਪਾਕਿਸਤਾਨੀ ਜਾਸੂਸ 35 ਸਾਲਾ ਗੁਰਨਾਮ ਸਿੰਘ ਉਰਫ਼ ਲਾਡੀ ਉਰਫ਼ ਭਲਵਾਨ, ਜੋ ਕਿ ਬਾਗੇਵਾਲ ਜ਼ਿਲ੍ਹਾ ਫਿਰੋਜ਼ਪੁਰ ਦਾ ਨਿਵਾਸੀ ਹੈ, ਨਾਲ ਉਸਦਾ ਸੰਪਰਕ 30 ਸਾਲਾ ਜਸਕਰਨ ਸਿੰਘ ਉਰਫ਼ ਜੱਸਾ, ਜੋ ਕਿ ਚੱਕ ਕਲੀਆਂ ਕਲਾਂ ਧਰਮਕੋਟ ਜ਼ਿਲ੍ਹਾ ਮੋਗਾ ਦਾ ਨਿਵਾਸੀ ਹੈ, ਨੇ ਕਰਵਾਇਆ ਸੀ। ਇਸ ਕੰਮ ਬਦਲੇ ਉਸਨੂੰ ਪੈਸੇ ਮਿਲਦੇ ਸਨ। ਇਸ ‘ਤੇ ਪੁਲਿਸ ਟੀਮ ਨੇ 29 ਅਕਤੂਬਰ ਨੂੰ ਜੱਸਾ ਨੂੰ ਕੇਸ ਵਿਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ। ਜੱਸਾ ਨੇ ਪੁੱਛਗਿੱਛ ‘ਚ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਫਿਰੋਜ਼ਪੁਰ ਗਿਆ ਸੀ, ਜਿੱਥੇ ਉਸਦੀ ਮੁਲਾਕਾਤ ਗੁਰਨਾਮ ਸਿੰਘ ਉਰਫ਼ ਲਾਡੀ ਉਰਫ਼ ਭਲਵਾਨ ਨਾਲ ਹੋਈ। ਉਸਨੇ ਉਸਨੂੰ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਫੌਜ ਦੀ ਜਾਣਕਾਰੀ ਭੇਜਣੀ ਹੈ, ਜਿਸਦੇ ਬਦਲੇ ਵੱਡੀ ਰਕਮ ਮਿਲੇਗੀ। ਇਸ ‘ਤੇ ਪੁਲਿਸ ਨੇ ਜੱਸਾ ਦੀ ਨਿਸ਼ਾਨਦੇਹੀ ‘ਤੇ 30 ਅਕਤੂਬਰ ਨੂੰ ਲਾਡੀ ਨੂੰ ਜ਼ਿਲ੍ਹਾ ਕਚਹਿਰੀ ਫਿਰੋਜ਼ਪੁਰ ਤੋਂ ਦਬੋਚ ਲਿਆ। ਐਸਪੀ ਨੇ ਦੱਸਿਆ ਕਿ ਹੁਣ ਤਕ ਦੀ ਪੁੱਛਗਿੱਛ ਵਿਚ ਤਿੰਨੋਂ ਨੇ ਮੰਨਿਆ ਹੈ ਕਿ ਇਹ ਕੰਮ ਉਨ੍ਹਾਂ ਪੈਸੇ ਦੇ ਲਾਲਚ ‘ਚ ਕੀਤਾ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਤੋਂ ਛੇ ਮੋਬਾਈਲ ਫੋਨ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਫੋਰੈਂਸਿਕ ਜਾਂਚ ਲਈ ਲੈਬ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜਾ ਨੂੰ ਅਦਾਲਤ ‘ਚ ਪੇਸ਼ ਕਰ ਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਜੋ ਕਿ ਇਕ ਨਵੰਬਰ ਨੂੰ ਖਤਮ ਹੋ ਰਿਹਾ ਹੈ। ਜੱਸਾ ਵੀ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਹੈ। ਲਾਡੀ ਨੂੰ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ।
ਮੁੱਖ ਸਰਗਨਾ ਲਾਡੀ ਤੇ ਜੱਸਾ ਖਿਲਾਫ਼ ਕਈ ਕੇਸ ਦਰਜ
ਐਸਪੀ-ਡੀ ਨੇ ਦੱਸਿਆ ਕਿ ਗੁਰਨਾਮ ਸਿੰਘ ਉਰਫ਼ ਲਾਡੀ ਅਤੇ ਜਸਕਰਨ ਸਿੰਘ ਜੱਸਾ ‘ਤੇ ਵੱਖ-ਵੱਖ ਜ਼ਿਲ੍ਹਿਆਂ ‘ਚ ਕਈ ਆਪਰਾਧਕ ਮਾਮਲੇ ਦਰਜ ਹਨ। ਲਾਡੀ ਤਾਂ ਇਨ੍ਹਾਂ ਕੇਸਾਂ ਵਿਚ ਕਈ ਸਾਲਾਂ ਤਕ ਜੇਲ੍ਹ ਦੀ ਸਜ਼ਾ ਵੀ ਭੁਗਤ ਚੁੱਕਾ ਹੈ। ਹਾਲ ਹੀ ‘ਚ 4 ਸਤੰਬਰ ਨੂੰ ਉਹ ਜੇਲ੍ਹ ਤੋਂ ਬਾਹਰ ਆਇਆ ਅਤੇ ਫਿਰ ਤੋਂ ਆਪਰਾਧਕ ਗਤੀਵਿਧੀਆਂ ਵਿਚ ਲੱਗ ਗਿਆ। ਕਾਬਿਲੇ ਗੌਰ ਹੈ ਕਿ ਥਾਣਾ ਕੋਤਵਾਲੀ ਦੀ ਪੁਲਿਸ ਮੁਤਾਬਕ ਗੁਪਤ ਜਾਣਕਾਰੀ ਮਿਲੀ ਸੀ ਕਿ ਰਾਜਾ ਪੁੱਤਰ ਬਾਲਾ, ਜੋ ਕਿ ਪਿੰਡ ਮੁਸ਼ਕਵੇਦ ਦਾ ਨਿਵਾਸੀ ਹੈ, ਨਿਊ ਆਰਮੀ ਕੈਂਟ ‘ਚ ਪ੍ਰਾਈਵੇਟ ਤੌਰ ‘ਤੇ ਸਫਾਈ ਮੁਲਾਜ਼ਮ ਦਾ ਕੰਮ ਕਰਦਾ ਹੈ। ਜਿਸਦੇ ਗੁਆਂਢੀ ਦੁਸ਼ਮਣ ਦੇਸ਼ ਪਾਕਿਸਤਾਨ ਦੇ ਕੁਝ ਲੋਕਾਂ ਨਾਲ ਸੰਪਰਕ ਹਨ। ਜਿਨ੍ਹਾਂ ਦੇ ਕਹਿਣ ‘ਤੇ ਉਹ ਆਪਣੇ ਮੋਬਾਈਲ ਜ਼ਰੀਏ ਆਰਮੀ ਕੈਂਟ ਖੇਤਰ ਦੀਆਂ ਤਸਵੀਰਾਂ ਖਿੱਚ ਕੇ ਭੇਜ ਰਿਹਾ ਹੈ। ਸਿਰਫ਼ ਇਹੀ ਨਹੀਂ, ਉਹ ਆਰਮੀ ਦੇ ਸਿਕਰੇਟ ਪਲਾਨ ਦੀ ਜਾਣਕਾਰੀ ਪਾਕਿਸਤਾਨ ‘ਚ ਦੇਸ਼ ਵਿਰੋਧੀ ਲੋਕਾਂ ਨੂੰ ਦੇ ਰਿਹਾ ਹੈ। ਇਸ ਹਰਕਤ ਨਾਲ ਉਹ ਭਾਰਤ ਦੇ ਨਾਲ ਗੱਦਾਰੀ ਕਰ ਰਿਹਾ ਹੈ ਅਤੇ ਦੇਸ਼ ਦੀ ਸੁਰੱਖਿਆ, ਏਕਤਾ ਤੇ ਅਖੰਡਤਾ ਨੂੰ ਵੀ ਖਤਰੇ ‘ਚ ਪਾ ਰਿਹਾ ਹੈ। ਰਾਜਾ ਇਸ ਸਮੇਂ ਆਰਮੀ ਦੇ ਪਲਾਨਾਂ ਦੀ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਹੈ। ਇਸ ‘ਤੇ ਸੱਚੀ ਤੇ ਠੋਸ ਜਾਣਕਾਰੀ ਦੇ ਆਧਾਰ ‘ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

