ਰੂਪਨਗਰ :
ਨਗਰ ਕੌਂਸਲ ਰੂਪਨਗਰ ਦੇ ਸੀਨੀਅਰ ਮੀਤ ਪ੍ਰਧਾਨ ਦਾ ਅਹੁੱਦਾ ਸੰਭਾਲਣ ਉਪਰੰਤ ਇੰਦਰਪਾਲ ਸਿੰਘ ਰਾਜੂ ਸਤਿਆਲ ਵੱਲੋਂ ਵਿਕਾਸ ਕਾਰਜਾਂ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 234.28 ਲੱਖ ਰੁਪਏ ਦੇ ਟੈਂਡਰ ਖੋਲੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਵੱਡੀ ਹਵੇਲੀ ਤੋਂ ਜੇਐੱਸ ਰਿਜ਼ੋਰਟ ਤੱਕ ਤੇ ਅੱਗੇ ਗੁਰਦੁਆਰਾ ਸਾਹਿਬ ਸ਼ਾਮਪੁਰਾ ਤੱਕ ਸੜਕਾਂ ਲਈ 140.14 ਲੱਖ, ਜਗਜੀਤ ਨਗਰ ਤੇ ਵਾਰਡ ਨੰਬਰ:4 ’ਚ ਇੰਟਰਲਾਕ ਟਾਇਲਾਂ ਲਈ 22.83 ਲੱਖ, ਸੀਵਰੇਜ ਸਿਸਟਮ ਦੀ ਸਲਾਨਾ ਸਾਂਭ ਸੰਭਾਲ ਲਈ 58.39 ਲੱਖ, ਡਰਾਈਵਰਾਂ ਤੇ ਫਾਇਰ ਕੰਮ ਲਈ ਅੰਦਾਜ਼ਨ 7.92 ਲੱਖ, ਨਗਰ ਕੌਂਸਲ ਦੇ ਵੱਖ ਵੱਖ ਪਾਰਕਾਂ ’ਚ ਨਵੇਂ ਖੰਭੇ ਲਗਾਉਣ ਲਈ 5 ਲੱਖ ਰੁਪਏ ਦੇ ਕੰਮ ਪ੍ਰਮੁੱਖ ਹਨ। ਇਸਦੇ ਨਾਲ ਨਾਲ ਆਉਣ ਵਾਲੇ ਦਿਨਾਂ ’ਚ ਹੋਰ ਵਿਕਾਸ ਕਾਰਜਾਂ ਲਈ 183.57 ਲੱਖ ਰੁਪਏ ਦੇ ਟੈਂਡਰ ਜਲਦੀ ਖੋਲੇ ਜਾਣਗੇ। ਉਨ੍ਹਾਂ ਦੱਸਿਆ ਕਿ ਕੱਲ੍ਹ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਅਸ਼ੋਕ ਵਾਹੀ ਵੀ ਆਪਣਾ ਅਹੁੱਦਾ ਸੰਭਾਲ ਲੈਣਗੇ ਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਸੇਧ ਤੇ ਨਿਗਰਾਨੀ ਅਧੀਨ ਰੂਪਨਗਰ ਸ਼ਹਿਰ ਦੇ ਵਿਕਾਸ ਲਈ ਦਿਨ ਰਾਤ ਕੰਮ ਕੀਤਾ ਜਾਵੇਗਾ।

