ਜਵਾਬਦੇਹੀ ਮੰਗੀ, ਲੋਕਾਂ ਦੀ ਸੁਵਿਧਾ ਲਈ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ’ਤੇ ਦਿੱਤਾ ਜ਼ੋਰ
ਜਲੰਧਰ,
ਸਰਫੇਸ ਵਾਟਰ ਪ੍ਰਾਜੈਕਟ ਵਿੱਚ ਜ਼ਿਆਦਾ ਦੇਰੀ ਦੀਆਂ ਖ਼ਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਲੰਧਰ ਵਿਚ ਸਰਫੇਸ ਵਾਟਰ ਪ੍ਰਾਜੈਕਟ ਦੇ ਕੰਮ ਵਿੱਚ ਹੋ ਰਹੀ ਦੇਰੀ ਦੀ ਡਿਟੇਲ ਜਾਂਚ ਦੇ ਹੁਕਮ ਦਿੱਤੇ ਹਨ। ਅਜਿਹੀਆਂ ਖ਼ਬਰਾਂ ਸਨ ਕਿ ਪ੍ਰਾਜੈਕਟ ਦੀ ਪ੍ਰਗਤੀ ਤੈਅ ਸਮੇਂ ਤੋਂ ਕਾਫੀ ਪਿੱਛੇ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਪ੍ਰਾਜੈਕਟ ਦਾ ਸਿਰਫ਼ 78 ਫੀਸਦੀ ਕੰਮ ਹੀ ਅਜੇ ਤੱਕ ਪੂਰਾ ਹੋਇਆ ਹੈ, ਜੋ ਤੈਅ ਡੈੱਡਲਾਈਨ ਤੋਂ ਪਿੱਛੇ ਹੈ। ਇਸ ਦੇਰੀ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਸੜਕਾਂ ਪੁੱਟੀਆਂ ਹੋਣ ਕਾਰਨ ਧੂੜ ਤੇ ਟ੍ਰੈਫਿਕ ਜਾਮ ਕਰਕੇ ਰੋਜ਼ਾਨਾ ਦੀ ਜ਼ਿੰਦਗੀ ’ਤੇ ਅਸਰ ਪੈ ਰਿਹਾ ਹੈ। ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਡਾ. ਅਗਰਵਾਲ ਨੇ ਸਹਾਇਕ ਕਮਿਸ਼ਨਰ (ਜਨਰਲ) ਜਲੰਧਰ ਨੂੰ ਮਾਮਲੇ ਦੀ ਪੂਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਂਚ ਵਿੱਚ ਮੌਜੂਦਾ ਫਿਜ਼ੀਕਲ ਅਤੇ ਫਾਇਨੈਂਸ਼ੀਅਲ ਪ੍ਰਗਤੀ ਦਾ ਮੁਲਾਂਕਣ, ਦੇਰੀ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਕੰਮ ਕਰਨ ਵਾਲੀ ਏਜੰਸੀ ਵੱਲੋਂ ਕਿਸੇ ਤਰ੍ਹਾਂ ਦੀ ਗਲਤੀ ਦੀ ਜਾਂਚ ਕਰਨ ਅਤੇ ਸਬੰਧਤ ਵਿਭਾਗ ਦੇ ਨਿਗਰਾਨੀ ਦੇ ਯਤਨਾਂ ਦੀ ਸਮੀਖਿਆ ਕਰਨ ’ਤੇ ਫੋਕਸ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਜ਼ਰੂਰੀ ਕਾਰਵਾਈ ਲਈ ਜਾਂਚ ਰਿਪੋਰਟ ਸੱਤ ਦਿਨਾਂ ਦੇ ਅੰਦਰ ਜਮ੍ਹਾ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਡਾ. ਅਗਰਵਾਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੋਕਾਂ ਦੀ ਭਲਾਈ ਸਬੰਧੀ ਪ੍ਰਾਜੈਕਟਾਂ ਨੂੰ ਸਮੇਂ ’ਤੇ ਪੂਰਾ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਨਾਲ ਹੀ ਲੋਕਾਂ ਨੂੰ ਹੋਰ ਪ੍ਰੇਸ਼ਾਨੀ ਨਾ ਹੋਵੇ, ਇਸ ਦੇ ਲਈ ਜਵਾਬਦੇਹੀ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਜ਼ਰੂਰੀ ਹੈ।

