ਜ਼ੀਰਾ:
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ੋਨ ਸ਼ਹੀਦ ਬਾਬਾ ਗਾਂਧਾ ਸਿੰਘ ਦੀ ਮੀਟਿੰਗ ਪਿੰਡ ਲਹੁਕੇ ਕਲਾਂ ਵਿਖੇ ਸੁਖਵੰਤ ਸਿੰਘ ਪੰਨੂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਨੌਰੰਗ ਸਿੰਘ ਵਾਲਾ ਦੇ ਇਕਾਈ ਪ੍ਰਧਾਨ ‘ਤੇ ਹੋਏ ਜਾਨਲੇਵਾ ਹਮਲੇ ‘ਤੇ ਚਰਚਾ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ੋਨ ਪ੍ਰਧਾਨ ਅਮਨਦੀਪ ਸਿੰਘ ਕੱਚਰਭੰਨ ਨੇ ਕਿਹਾ ਪਿੰਡ ਨੌਰੰਗ ਸਿੰਘ ਵਾਲਾ ਦੇ ਇਕਾਈ ਪ੍ਰਧਾਨ ਜਗਸੀਰ ਸਿੰਘ ਪੁੱਤਰ ਗੁਰਾ ਸਿੰਘ ‘ਤੇ ਟਰੈਪ ਲਗਾ ਕੇ 10 ਅਕਤੂਬਰ ਨੂੰ ਸਵੇਰੇ ਸਾਢੇ ਛੇ ਵਜੇ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰਕੇ ਪਿੰਡ ਬੋਤੀਆਂ ਵਾਲਾ ਦੇ ਲੁੱਕ ਪਲਾਂਟ ਕੋਲ ਮਰਿਆ ਹੋਇਆ ਸਮਝ ਕੇ ਸੁੱਟ ਦਿੱਤਾ ਗਿਆ, ਜਿਸਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਜੋ ਜੇਰੇ ਇਲਾਜ ਹੈ ਅਤੇ ਅਜੇ ਵੀ ਕੋਮਾਂ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ, ਪਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਦੋਸ਼ੀਆਂ ਦੀ ਪਛਾਣ ਕਰਕੇ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਦੋਸ਼ੀ ਅਜੇ ਵੀ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ। ਜਿਸ ਦੇ ਵਿਰੋਧ ਵਿੱਚ ਕਿਸਾਨ ਆਗੂਆਂ ਵੱਲੋਂ 18 ਨਵੰਬਰ ਨੂੰ ਡੀਐੱਸਪੀ ਦਫਤਰ ਜ਼ੀਰਾ ਵਿਖੇ ਧਰਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਗਸੀਰ ਸਿੰਘ ਜਥੇਬੰਦੀ ਦਾ ਸਿਪਾਹੀ ਸੀ। ਜਥੇਬੰਦੀ ਆਪਣੇ ਕਿਸੇ ਵੀ ਆਗੂ ਜਾਂ ਵਰਕਰ ‘ਤੇ ਇਸ ਤਰ੍ਹਾਂ ਦਾ ਹਮਲਾ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਜਗਸੀਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਵੀ ਹਰ ਹਾਲਤ ਵਿੱਚ ਇਨਸਾਫ਼ ਲੈ ਕੇ ਦਿੱਤਾ ਜਾਵੇਗਾ | ਇਸ ਮੌਕੇ ਅਮਰਜੀਤ ਸਿੰਘ ਸੰਤੂ ਵਾਲਾ, ਗੁਰਮੀਤ ਸਿੰਘ ਚੱਬਾ, ਦਵਿੰਦਰ ਸਿੰਘ ਵਲਟੋਹਾ, ਕਮਲਜੀਤ ਸਿੰਘ ਠੱਠਾ, ਸੁਖਵਿੰਦਰ ਸਿੰਘ ਕੋਹਾਲਾ, ਹਰਦੇਵ ਸਿੰਘ ਗੋਰਾ ਆਦਿ ਆਗੂ ਹਾਜ਼ਰ ਸਨ।

