ਜਲੰਧਰ : 
ਕਿਸਾਨਾਂ ’ਚ ਆਈ ਜਾਗਰੂਕਤਾ, ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਲਈ ਸਬਸਿਡੀ ’ਤੇ ਦਿੱਤੀਆ ਜਾਣ ਵਾਲੀਆ ਮਸ਼ੀਨਾਂ ਅਤੇ ਪ੍ਰਸ਼ਾਸਨ ਦੀ ਸਖ਼ਤੀ ਦਾ ਅਸਰ ਇਸ ਵਾਰ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਸਾਫ਼-ਸਾਫ਼ ਦਿਸਿਆ ਹੈ। ਇਸ ਸਭ ਦੇ ਨਤੀਜੇ ਵਜੋਂ ਪੰਜਾਬ ’ਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 23 ਨਵੰਬਰ ਤੱਕ ਝੋਨੇ ਦੀ ਪਰਾਲੀ ਸਾੜਨ ਦੇ ਮਾਮਲੇ 50 ਫੀਸਦੀ ਤੱਕ ਘੱਟ ਦਰਜ ਕੀਤੇ ਗਏ ਹਨ। ਪ੍ਰਦੂਸ਼ਣ ਵਿਭਾਗ ਵੱਲੋਂ ਜਾਰੀ ਕੀਤੇ ਗਏ ਸੈਟੇਲਾਈਟ ਅੰਕੜਿਆ ਮੁਤਾਬਕ 2024 ਦੇ ਪੈਡੀ ਸੀਜ਼ਨ ਦੌਰਾਨ ਝੋਨੇ ਦੀ ਰਹਿੰਦ-ਖੂੰਹਦ ਖੇਤਾਂ ’ਚ ਸਾੜਨ ਦੇ 10,605 ਮਾਮਲੇ ਸਾਹਮਣੇ ਆਏ ਸਨ ਜਦਕਿ ਇਸ ਸਾਲ ਸਿਰਫ਼ 5088 ਮਾਮਲੇ ਹੀ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 5022 ਮਾਮਲਿਆ ’ਚ ਪ੍ਰਸ਼ਾਸਨਿਕ ਟੀਮਾਂ ਨੇ ਮੌਕੇ ’ਤੇ ਜਾ ਕੇ ਪੜਤਾਲ ਕੀਤੀ, ਜਿਸ ਤੋਂ ਬਾਅਦ ਪਰਾਲੀ ਦੀ ਅੱਗ ਦੇ 2392 ਮਾਮਲੇ ਨੋਟ ਕੀਤੇ ਗਏ ਹਨ।ਪ੍ਰਸ਼ਾਸਨ, ਪ੍ਰਦੂਸ਼ਣ ਵਿਭਾਗ ਤੇ ਖੇਤੀਬਾੜੀ ਵਿਭਾਗ ਦੀਆ ਟੀਮਾਂ ਵੱਲੋਂ 2,343 ਮਾਮਲਿਆ ’ਚ 1,23,80,000 ਰੁਪਏ ਇਨਵਾਇਰਨਮੈਂਟ ਕੰਪਨਸੇਸ਼ਨ (ਜੁਰਮਾਨਾ) ਲਾਇਆ ਗਿਆ ਹੈ। ਇਸ ਤੋਂ ਇਲਾਵਾ 1928 ਮਾਮਲਿਆ ’ਚ ਅੱਗ ਲਾਉਣ ਲਈ ਜ਼ਿੰਮੇਵਾਰ ਪਾਏ ਗਏ ਕਿਸਾਨਾਂ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 223 ਤਹਿਤ ਐੱਫਆਈਆਰ ਦਰਜ ਕੀਤੀਆ ਗਈਆ ਹਨ ਅਤੇ 2147 ਮਾਮਲਿਆ ’ਚ ਕਿਸਾਨਾਂ ਦੇ ਜ਼ਮੀਨੀ ਰਿਕਾਰਡ ’ਚ ਰੈੱਡ ਐਂਟਰੀਆ ਪਾਈਆ ਗਈਆ ਹਨ। ਨੋਡਲ ਅਫ਼ਸਰਾਂ ’ਤੇ ਵੀ ਸਖ਼ਤੀ ਵਰਤੀ ਗਈ ਹੈ ਅਤੇ ਹੁਣ ਤਕ ਸੂਬੇ ’ਚ 29 ਨੋਡਲ ਅਫਸਰ ਤੇ ਸੁਪਰਵਾਈਜ਼ਰਾਂ ’ਤੇ ਸੀਏਕਿਉਐੱਮ ਐਕਟ ਦੀ ਧਾਰਾ 4 ਤਹਿਤ ਅਦਾਲਤੀ ਕਾਰਵਾਈ ਕੀਤੀ ਗਈ ਹੈ।ਖੇਤੀਬਾੜੀ ਵਿਭਾਗ ਦੇ ਇੰਜੀਨੀਅਰਿੰਗ ਵਿਭਾਗ ਦੇ ਜੁਆਇੰਟ ਡਾਇਰੈਕਟਰ ਇੰਜ. ਜਗਦੀਸ਼ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪਰਾਲੀ ਦੇ ਇਨਸਿਟੂ ਤੇ ਐਕਸਿਟੂ ਪ੍ਰਬੰਧਨ ਲਈ ਇਸ ਸਾਲ 10,000 ਤੋਂ ਵੱਧ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਸਬਸਿਡੀ ’ਤੇ ਮੁਹੱਈਆ ਕਰਵਾਈਆ ਜਾ ਚੁੱਕੀਆ ਹਨ। 2018 ਤੋਂ ਲੈ ਕੇ ਇਸ ਸੀਜ਼ਨ ਤੱਕ ਪਿਛਲੇ 8 ਸਾਲਾਂ ਦੌਰਾਨ ਸਰਕਾਰ ਵੱਲੋਂ ਕਿਸਾਨਾਂ ਨੂੰ 1,58,000 ਮਸ਼ੀਨਾਂ ਸਬਸਿਡੀ ’ਤੇ ਦਿੱਤੀਆ ਜਾ ਚੁੱਕੀਆ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਆਈਆ ਕੇਂਦਰੀ ਟੀਮਾਂ ਵੀ ਇਸ ਗੱਲ ’ਤੇ ਤਸੱਲੀ ਪ੍ਰਗਟ ਕਰ ਕੇ ਗਈਆ ਹਨ ਕਿ ਪੰਜਾਬ ਕਿਸਾਨ ਵੱਡੇ ਪੱਧਰ ’ਤੇ ਮਸ਼ੀਨਾਂ ਰਾਹੀਂ ਪਰਾਲੀ ਦਾ ਪ੍ਰਬੰਧਨ ਕਰ ਕੇ ਪਰਾਲੀ ਦੀ ਅੱਗ ਤੋਂ ਪਾਸਾ ਵੱਟ ਰਹੇ ਹਨ।

