ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ):
ਵਿਧਾਨ ਸਭਾ ਚੋਣਾਂ 2027 ਨੂੰ ਅਜੇ ਇਕ ਸਾਲ ਤੋਂ ਵੱਧ ਸਮਾਂ ਬਾਕੀ ਹੈ, ਪਰ ਜ਼ਿਲ੍ਹਾ ਮੁਕਤਸਰ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ‘ਚ ਮੁਕਾਬਲਾ ਹੁਣੇ ਤੋਂ ਹੀ ਰੌਚਕ ਬਣਦਾ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹ 2027 ਵਿੱਚ ਗਿੱਦੜਬਾਹਾ ਤੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦੇ ਲੋਕਾਂ ਨੇ ਇਸ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ‘ਆਪ’ ‘ਚ ਚਲੇ ਜਾਣ ਤੋਂ ਬਾਅਦ ਇਕ ਸਾਲ ਤੋਂ ਗਿੱਦੜਬਾਹਾ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਦਮਦਾਰ ਆਗੂ ਨਹੀਂ ਮਿਲ ਰਿਹਾ ਸੀ। ਹੁਣ ਤਕ ਸੁਖਬੀਰ ਜਲਾਲਾਬਾਦ ਤੋਂ ਚੋਣ ਲੜਦੇ ਆ ਰਹੇ ਹਨ। ਉਨ੍ਹਾਂ ਨੇ 2009 ਵਿੱਚ ਜਲਾਲਾਬਾਦ ਤੋਂ ਜ਼ਿਮਨੀ ਚੋਣ ਜਿੱਤੀ। ਇਸ ਤੋਂ ਬਾਅਦ 2012 ਅਤੇ 2017 ਵਿੱਚ ਇਸੇ ਸੀਟ ਤੋਂ ਚੋਣ ਜਿੱਤੀ। ਹਾਲਾਂਕਿ, 2022 ਦੀਆਂ ਚੋਣਾਂ ‘ਚ ਉਹ ਜਲਾਲਾਬਾਦ ਸੀਟ ਤੋਂ ਹਾਰ ਗਏ ਸਨ। ਗਿੱਦੜਬਾਹਾ ਤੋਂ ਸਾਬਕਾ ਮੁੱਖ ਮੰਤਰੀ ਤੇ ਸੁਖਬੀਰ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵੀ ਚੋਣ ਲੜ ਚੁੱਕੇ ਹਨ। ਹਾਲਾਂਕਿ ਲੰਬੀ ਨੂੰ ਬਾਦਲ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ। ਪਰ, ਪਿਛਲੀਆਂ ਚੋਣਾਂ ‘ਚ ਸਾਬਕਾ ਮੁੱਖ ਮੰਤਰੀ ਬਾਦਲ ਇੱਥੋਂ ਚੋਣ ਹਾਰ ਗਏ ਸਨ। ਗਿੱਦੜਬਾਹਾ ਸੀਟ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਚੋਣ ਲੜਦੇ ਹਨ। ਹਾਲਾਂਕਿ ਪਿਛਲੀ ਵਾਰ ਉਨ੍ਹਾਂ ਨੇ ਇੱਥੋਂ ਜ਼ਿਮਨੀ ਚੋਣ ਨਹੀਂ ਲੜੀ ਸੀ। ਉੱਥੇ ਹੀ ਬਾਦਲ ਪਰਿਵਾਰ ਦੀ ਜੱਦੀ ਸੀਟ ਲੰਬੀ ਹੈ, ਪਰ ਇੱਥੋਂ ਦੇ ਬਾਰੇ ਅਜੇ ਸਪੱਸ਼ਟ ਨਹੀਂ ਹੈ। ਅਜਿਹੇ ‘ਚ ਇੱਥੋਂ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਚੋਣ ਲੜ ਸਕਦੀ ਹੈ। ਹਾਲਾਂਕਿ ਹਰਸਿਮਰਤ ਅਜੇ ਸੰਸਦ ਮੈਂਬਰ ਹਨ। ਅਜਿਹੇ ‘ਚ ਜੇਕਰ ਉਹ ਵਿਧਾਨ ਸਭਾ ਚੋਣ ਨਹੀਂ ਲੜਦੇ ਹਨ ਤਾਂ ਸੁਖਬੀਰ ਬਾਦਲ 2 ਸੀਟਾਂ ਭਾਵ ਲੰਬੀ ਅਤੇ ਗਿੱਦੜਬਾਹਾ ਤੋਂ ਚੋਣ ਲੜ ਸਕਦੇ ਹਨ।

