ਨਵੀਂ ਦਿੱਲੀ : 
ਦਿੱਲੀ ਵਿੱਚ ਰੋਹਿਣੀ ਕੋਰਟ ਨੇ ਲੂਥਰਾ ਬ੍ਰਦਰਜ਼ ਨੂੰ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਪੁਲਿਸ ਤੋਂ ਅਗਾਊਂ ਜ਼ਮਾਨਤ (Anticipatory Bail) ਅਰਜ਼ੀ ‘ਤੇ ਜਵਾਬ ਮੰਗਿਆ ਹੈ।ਬਿਰਚ ਬਾਏ ਰੋਮੀਓ ਲੇਨ (Birch by Romeo Lane) ਦੇ ਮਾਲਕ ਲੂਥਰਾ ਬ੍ਰਦਰਜ਼ ਨੇ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ ਸੈਸ਼ਨ ਕੋਰਟ ਵਿੱਚ ਅੱਜ ਇਸ ਮਾਮਲੇ ਦੀ ਸੁਣਵਾਈ ਦੁਪਹਿਰ ਦੋ ਵਜੇ ਹੋਈ। ਉਨ੍ਹਾਂ ਦੀ ਲੀਗਲ ਟੀਮ ਦੇ ਇੱਕ ਵਕੀਲ ਨੇ ਇਸਦੀ ਪੁਸ਼ਟੀ ਕੀਤੀ ਸੀ।ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੇ ਹਵਾਲੇ ਨਾਲ ਕਈ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਅਰਪੋਰਾ ਨਾਈਟ ਕਲੱਬ ਚਲਾਉਣ ਵਾਲੇ ਬ੍ਰਦਰਜ਼ ਦੀ ਬੀਚ ‘ਤੇ ਬਣੀ ਝੌਂਪੜੀ ਨੂੰ ਢਾਹਿਆ ਜਾਵੇਗਾ, ਜਿੱਥੇ ਪਿਛਲੇ ਹਫ਼ਤੇ ਭਿਆਨਕ ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਵਾਗਾਟੋਰ ਵਿੱਚ ‘ਰੋਮੀਓ ਲੇਨ’ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਜਾਵੇਗਾ ਕਿਉਂਕਿ ਰੈਸਟੋਰੈਂਟ, ਜੋ ਕਥਿਤ ਤੌਰ ‘ਤੇ ਸਰਕਾਰੀ ਜ਼ਮੀਨ ‘ਤੇ ਬਣਿਆ ਸੀ, ਉਸਨੂੰ ਅਧਿਕਾਰੀਆਂ ਨੇ ਸੀਲ ਕਰ ਦਿੱਤਾ ਹੈ।
ਭਾਰਤ ਛੱਡ ਥਾਈਲੈਂਡ ਭੱਜੇ ਲੂਥਰਾ ਬ੍ਰਦਰਜ਼
ਲੂਥਰਾ ਭਰਾਵਾਂ ਦੇ ਖਿਲਾਫ਼ 7 ਦਸੰਬਰ ਨੂੰ ਲੁੱਕ ਆਊਟ ਸਰਕੂਲਰ ਨੋਟਿਸ ਜਾਰੀ ਕਰਾਉਣ ਤੋਂ ਬਾਅਦ ਸੀਬੀਆਈ ਦੇ ਇੰਟਰਪੋਲ ਨੇ ਥਾਈਲੈਂਡ ਦੀ ਸੁਰੱਖਿਆ ਏਜੰਸੀਆਂ ਨਾਲ ਸੰਪਰਕ ਕਰਕੇ ਦੋਵਾਂ ਬ੍ਰਦਰਜ਼ ਬਾਰੇ ਜਲਦ ਤੋਂ ਜਲਦ ਜਾਣਕਾਰੀ ਉਪਲਬਧ ਕਰਾਉਣ ਲਈ ਕਿਹਾ ਹੈ। ਇੰਟਰਪੋਲ ਨੇ ਲੂਥਰਾ ਬ੍ਰਦਰਜ਼ ਖਿਲਾਫ਼ ਬਲੂ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਬਲੂ ਨੋਟਿਸ ਦਾ ਮਤਲਬ ਮੁਲਜ਼ਮਾਂ ਦੀ ਪਛਾਣ, ਉਨ੍ਹਾਂ ਦੀ ਲੋਕੇਸ਼ਨ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਜੁਟਾਉਣਾ ਹੁੰਦਾ ਹੈ।ਇੰਟਰਪੋਲ ਨੇ ਫੁਕੇਟ ਪੁਲਿਸ ਨੂੰ ਕਿਹਾ ਹੈ ਕਿ ਉਹ ਲੂਥਰਾ ਬ੍ਰਦਰਜ਼ ਨੂੰ ਫੜ ਕੇ ਜਲਦ ਹਿਰਾਸਤ ਵਿੱਚ ਲੈ ਲੈਣ ਅਤੇ ਇਸਦੀ ਸੂਚਨਾ ਗੋਆ ਪੁਲਿਸ ਨੂੰ ਦੇਣ। ਨਾਈਟ ਕਲੱਬ ਵਿੱਚ ਅੱਗਜ਼ਨੀ ਦੀ ਘਟਨਾ ਦੇ ਤੁਰੰਤ ਬਾਅਦ ਲੂਥਰਾ ਬ੍ਰਦਰਜ਼ ਐਤਵਾਰ ਤੜਕੇ ਹੀ ਮੁੰਬਈ ਤੋਂ ਇੰਡੀਗੋ ਏਅਰਲਾਈਨਜ਼ ਰਾਹੀਂ ਭਾਰਤ ਤੋਂ ਫੁਕੇਟ (Phuket) ਭੱਜ ਗਏ ਸਨ। ਜਾਣਕਾਰੀ ਮੁਤਾਬਕ, ਗੋਆ ਪੁਲਿਸ ਨੇ ਪੰਜਾਬੀ ਬਸਤੀ, ਸਬਜ਼ੀ ਮੰਡੀ ਤੋਂ ਸੋਮਵਾਰ ਸਵੇਰੇ ਭਰਤ ਕੋਹਲੀ ਨਾਮ ਦੇ ਜਿਸ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ ਹੈ ਉਹ ਸੌਰਭ ਲੂਥਰਾ ਦੀ ਕਾਰ ਵੀ ਚਲਾਉਂਦਾ ਸੀ।

