ਲੁਧਿਆਣਾ : 
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਕੋਰ ਕਮੇਟੀ ਦੀ ਮੀਟਿੰਗ ਇੱਥੇ ਕੀਤੀ ਗਈ। ਮੀਟਿੰਗ ਵਿਚ ਮੁੱਦਿਆਂ ਉੱਤੇ ਚਰਚਾ ਕਰਨ ਤੋਂ ਇਲਾਵਾ ਕਈ ਅਹਿਮ ਫ਼ੈਸਲੇ ਲਏ ਗਏ। ਪਾਰਟੀ ਦੇ ਜਥੇਬੰਦਕ ਢਾਂਚੇ ਤੇ ਮੈਂਬਰਸ਼ਿਪ ਸਬੰਧੀ ਚਰਚਾ ਤੋਂ ਇਲਾਵਾ ਲੰਘੀ ਤਰਨਤਾਰਨ ਜ਼ਿਮਨੀ ਚੋਣ, ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਤੇ ਨਵੇਂ ਬਣੇ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਫੈਸਲੇ ਲਏ ਗਏ ਕਿ ਮੈਂਬਰਸ਼ਿਪ ਵਿਚ ਤੇਜ਼ੀ ਲਿਆਉਣ ਲਈ ਨਵਾਂ ਜਥੇਬੰਦਕ ਢਾਂਚਾ ਅਮਲ ਵਿਚ ਲਿਆਂਦਾ ਜਾਵੇਗਾ ਅਤੇ ਵਰਕਿੰਗ ਕਮੇਟੀ, ਸੂਬਾ ਕਾਰਜਕਾਰੀ ਢਾਂਚਾ ਤੇ ਜ਼ਿਲ੍ਹਾ ਪੱਧਰੀ ਕਾਰਜਕਾਰੀ ਢਾਂਚਾ ਬਣਾਇਆ ਜਾਵੇਗਾ।ਪਾਰਟੀ ਨੇ ਅਨੁਸ਼ਾਸਨੀ ਕਮੇਟੀ, ਜ਼ੋਨ ਇੰਚਾਰਜ, ਪ੍ਰੈੱਸ ਸਕੱਤਰ, ਆਈਟੀ ਅਤੇ ਸੋਸ਼ਲ ਮੀਡੀਆ ਸੈੱਲ ਤੇ ਪਾਰਟੀ ਦੇ ਬੁਲਾਰਿਆਂ ਸਬੰਧੀ ਅਹਿਮ ਫੈਸਲੇ ਲਏ। ਇਸ ਦੌਰਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਾਬੂ ਸਿੰਘ ਬਰਾੜ, ਪਰਗਟ ਸਿੰਘ ਜੱਲੂਪੁਰ, ਐਡਵੋਕੇਟ ਹਰਪਾਲ ਸਿੰਘ ਖਾਰਾ, ਕਾਬਲ ਸਿੰਘ ਫਿਰੋਜ਼ਪੁਰ, ਅਵਤਾਰ ਸਿੰਘ ਜਵਾਹਰਕੇ, ਚਰਨਜੀਤ ਸਿੰਘ ਭਿੰਡਰ, ਪ੍ਰਿਥੀਪਾਲ ਸਿੰਘ ਬਟਾਲਾ ਅਤੇ ਗੁਰਲਾਲ ਸਿੰਘ ਸਖੀਰਾ ਨੇ ਪਾਰਟੀ ਦਾ ਧਾਰਮਿਕ ਵਿੰਗ, ਇਸਤਰੀ ਵਿੰਗ, ਐੱਸਸੀ ਵਿੰਗ, ਯੂਥ ਵਿੰਗ ਅਤੇ ਲੀਗਲ ਸੈੱਲ ਬਣਾਉਣ ਦੀ ਰੂਪ-ਰੇਖਾ ਤਿਆਰ ਕੀਤੀ।ਉਨ੍ਹਾਂ ਨੇ ਮੁਕਤਸਰ ਸਾਹਿਬ ਵਿਚ ਮਾਘੀ ਮੌਕੇ ਕਾਨਫਰੰਸ ਕਰਨ ਦਾ ਐਲਾਨ ਕੀਤਾ। ਮੀਟਿੰਗ ਵਿਚ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਤੇ ਉਨ੍ਹਾਂ ’ਤੇ ਲੱਗੀ ਐੱਨਐੱਸਏ ਦੇ ਸਬੰਧ ਵਿਚ ਨਵੀਂ ਰਣਨੀਤੀ ਉਲੀਕੀ ਗਈ। ਕੋਰ ਕਮੇਟੀ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਅੰਮ੍ਰਿਤਪਾਲ ਸਿੰਘ ਪ੍ਰਤੀ ਅਪਣਾਏ ਰੱਵਈਏ ਦੀ ਨਿਖੇਧੀ ਕੀਤੀ।

