ਬੁਢਲਾਡਾ: 
ਕੈਨੇਡਾ ਦੇ ਐਡਮਿੰਟਨ ਵਿੱਚ ਸਟੱਡੀ ਵੀਜ਼ਾ ‘ਤੇ ਗਏ ਬੁਢਲਾਡਾ ਦੇ ਦੋ ਨੌਜਵਾਨਾਂ ਦੀ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦੋਂ ਪੰਜਾਬੀ ਮੂਲ ਦੇ ਬੁਢਲਾਡਾ ਖੇਤਰ ਨਾਲ ਸਬੰਧਤ 7 ਤੋਂ 8 ਨੌਜਵਾਨ ਆਪਣੇ ਕਿਸੇ ਦੋਸਤ ਦੀ ਬਰਥਡੇ ਪਾਰਟੀ ‘ਤੇ ਜਾਣ ਲਈ ਕਾਰ ਵਿੱਚ ਸਵਾਰ ਹੋ ਰਹੇ ਸਨ। ਗੋਲੀ ਕਿਨ੍ਹਾਂ ਲੋਕਾਂ ਨੇ ਚਲਾਈ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਕੈਨੇਡਾ ਪੁਲਿਸ ਨੇ ਗੋਲੀਬਾਰੀ ਨੂੰ ਲੈ ਕੇ ਕੁਝ ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਘਟਨਾ ਵੀਰਵਾਰ ਰਾਤ ਦੀ ਹੈ।ਹਾਦਸੇ ਵਿੱਚ ਮਾਰਿਆ ਗਿਆ ਗੁਰਦੀਪ ਸਿੰਘ (27) ਘਰ ਦਾ ਇਕਲੌਤਾ ਪੁੱਤਰ ਸੀ, ਜੋ ਸ਼ਾਦੀਸ਼ੁਦਾ ਸੀ। ਜਿਸ ਦੀ ਉੱਥੇ ਪੜ੍ਹਾਈ ਹੋ ਚੁੱਕੀ ਸੀ ਅਤੇ ਉਸ ਨੇ ਵਰਕ ਪਰਮਿਟ ‘ਤੇ ਹੋਣਾ ਸੀ ਅਤੇ ਆਪਣੀ ਪਤਨੀ ਨੂੰ ਕੈਨੇਡਾ ਬੁਲਾਉਣਾ ਸੀ। ਇਸ ਤੋਂ ਇਲਾਵਾ ਬੋਹਾ ਦੇ ਪਿੰਡ ਉੜਤ ਸੈਦੇਵਾਲਾ ਵਾਸੀ ਰਣਵੀਰ ਸਿੰਘ (18) ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ।ਹਾਦਸੇ ਵਿੱਚ ਦੋਵਾਂ ਨੌਜਵਾਨਾਂ ਦੀ ਮੌਤ ਹੋਣ ਦੀ ਜਾਣਕਾਰੀ ਮ੍ਰਿਤਕ ਗੁਰਦੀਪ ਸਿੰਘ ਦੇ ਚਾਚਾ ਪਿੰਡ ਬਰੇਹ ਵਾਸੀ ਦਰਸ਼ਨ ਸਿੰਘ ਦੇ ਕੈਨੇਡਾ ਵਿੱਚ ਰਹਿੰਦੇ ਪੁੱਤਰ ਅਰਸ਼ਦੀਪ ਸਿੰਘ ਨੇ ਆਪਣੇ ਪਰਿਵਾਰ ਨੂੰ ਫੋਨ ‘ਤੇ ਦਿੱਤੀ। ਦੋਵੇਂ ਪਰਿਵਾਰ ਹੁਣ ਆਪਣੇ ਬੇਟਿਆਂ ਦੇ ਮ੍ਰਿਤਕ ਸਰੀਰ ਭਾਰਤ ਲਿਆਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਗੁਹਾਰ ਲਗਾ ਰਹੇ ਹਨ। ਘਟਨਾ ਤੋਂ ਬਾਅਦ ਦੋਵਾਂ ਪਰਿਵਾਰਾਂ ਵਿੱਚ ਆਪਣੇ ਬੇਟਿਆਂ ਦੀ ਮੌਤ ਨੂੰ ਲੈ ਕੇ ਕੀਤਾ ਜਾ ਰਿਹਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ।

