ਨਵੀਂ ਦਿੱਲੀ : 
ਸੇਵਾਮੁਕਤ ਆਈਏਐੱਸ ਅਧਿਕਾਰੀ ਰਾਜ ਕੁਮਾਰ ਗੋਇਲ ਨੇ ਸੋਮਵਾਰ ਨੂੰ ਕੇਂਦਰੀ ਸੂਚਨਾ ਕਮਿਸ਼ਨ ’ਚ ਮੁੱਖ ਸੂਚਨਾ ਕਮਿਸ਼ਨਰ (ਸੀਆਈਸੀ) ਦੇ ਤੌਰ ’ਤੇ ਸਹੁੰ ਚੁੱਕੀ। ਉਨ੍ਹਾਂ ਸੀਆਈਸੀ ਦੇ ਰੂਪ ਵਿਚ ਹੀਰਾਲਾਲ ਸਾਮਰੀਆ ਦੀ ਥਾਂ ਲਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਕਮੇਟੀ ਨੇ ਪਿਛਲੇ ਹਫ਼ਤੇ ਸੀਆਈਸੀ ਦੇ ਰੂਪ ਵਿਚ ਗੋਇਲ ਦੇ ਨਾਂ ਦੀ ਸ਼ਿਫਾਰਿਸ਼ ਕੀਤੀ ਸੀ।ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਇਸ ਮੌਕੇ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਣਨ ਅਤੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਵੀ ਮੌਜੂਦ ਸਨ। ਗੋਇਲ 1990 ਬੈਚ ਦੇ ਸੇਵਾਮੁਕਤ ਆਈਏਐੱਸ ਅਧਿਕਾਰੀ ਹਨ ਅਤੇ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਤਹਿਤ ਨਿਆਂ ਵਿਭਾਗ ਵਿਚ ਸਕੱਤਰ ਦੇ ਅਹੁਦੇ ’ਤੇ 31 ਅਗਸਤ ਨੂੰ ਸੇਵਾਮੁਕਤ ਹੋਏ ਸਨ। ਉਨ੍ਹਾਂ ਗ੍ਰਹਿ ਮੰਤਰਾਲੇ ਤਹਿਤ ਸਕੱਤਰ ਦੇ ਰੂਪ ਵਿਚ ਕੰਮ ਵੀ ਕੀਤਾ ਹੈ। ਰਾਸ਼ਟਰਪਤੀ ਮੁੱਖ ਸੂਚਨਾ ਕਮਿਸ਼ਨਰ ਅਤੇ ਸੂਚਨਾ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਰਾਸ਼ਟਰਪਤੀ ਦੀ ਪ੍ਰਧਾਨਗੀ ਵਾਲੀਆਂ ਕਮੇਟੀਆਂ ਦੀ ਸਿਫਾਰਿਸ਼ ’ਤੇ ਕਰਦੇ ਹਨ। ਕਮੇਟੀ ਦੇ ਦੋ ਹੋਰ ਮੈਂਬਰ-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਵੱਲੋਂ ਨਾਮਜ਼ਦ ਇਕ ਕੇਂਦਰੀ ਕੈਬਨਿਟ ਕਮੇਟੀ ਮੰਤਰੀ ਹੁੰਦੇ ਹਨ। ਕੇਂਦਰੀ ਸੂਚਨਾ ਕਮਿਸ਼ਨ ਵਿਚ ਪ੍ਰਮੁੱਖ ਨਿਯੁਕਤੀਆਂ ਨੂੰ ਅੰਤਮ ਰੂਪ ਦੇਣ ਲਈ ਲੋਕਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੀਐੱਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਲਗਪਗ ਦੋ ਘੰਟੇ ਤੱਕ ਬੰਦ ਕਮਰੇ ਵਿਚ ਬੈਠਕ ਕੀਤੀ। ਇਸ ਦੌਰਾਨ ਮੁੱਖ ਸੂਚਨਾ ਕਮਿਸ਼ਨਰ, ਅੱਠ ਸੂਚਨਾ ਕਮਿਸ਼ਨਰਾਂ ਅਤੇ ਕੇਂਦਰੀ ਚੌਕਸੀ ਕਮਿਸ਼ਨ ਵਿਚ ਚੌਕਸੀ ਕਮਿਸ਼ਨਰਾਂ ਦੀ ਚੋਣ ’ਤੇ ਚਰਚਾ ਹੋਈ।

