ਐੱਸਏਐੱਸ ਨਗਰ : 
ਮੋਹਾਲੀ ‘ਚ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਤੇ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਹੱਤਿਆ ਦੇ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਪੋਸਟਮਾਰਟਮ ਦੌਰਾਨ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਰਾਣਾ ਨੂੰ ਪਿੱਛੋਂ ਬਿਲਕੁਲ ਨੇੜਿਓਂ ਸਿਰ ‘ਚ ਗੋਲੀ ਮਾਰੀ, ਜੋ ਮੂੰਹ ਰਸਤੇ ਬਾਹਰ ਨਿਕਲ ਗਈ। ਇਸ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।ਮੋਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਮੰਗਲਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਅੰਮ੍ਰਿਤਸਰ ਦੇ ਆਦਿਤfE ਕਪੂਰ ਉਰਫ਼ ਮੱਖਣ ਅਤੇ ਕਰਨ ਪਾਠਕ ਨੇ ਰਾਣਾ ਨੂੰ ਗੋਲੀਆਂ ਮਾਰੀਆਂ। ਦੋਵਾਂ ਨੇ ਸੈਲਫੀ ਲੈਣ ਦੇ ਬਹਾਨੇ ਰਾਣਾ ਨੂੰ ਰੋਕ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਐੱਸਐੱਸਪੀ ਨੇ ਕਿਹਾ ਕਿ ਰਾਣਾ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੰਬੰਧਾਂ ਦੇ ਸ਼ੱਕ ਕਾਰਨ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਅਤੇ ਡੋਨੀ ਬੱਲ ਦੇ ਕਹਿਣ ‘ਤੇ ਇਹ ਕਤਲ ਕਰਵਾਇਆ ਗਿਆ। ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਸਪਸ਼ਟ ਕੀਤਾ ਕਿ ਇਸ ਹੱਤਿਆ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ ਅਤੇ ਇਸ ਮਾਮਲੇ ਨੂੰ ਸੈਂਸੇਸ਼ਨਲ ਬਣਾਉਣ ਲਈ ਮੂਸੇਵਾਲਾ ਦਾ ਨਾਮ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਕਤਲ ਕਬੱਡੀ ਦੇ ਮੈਦਾਨ ਵਿੱਚ ਡੋਮੀਨੇਸ਼ਨ ਬਣਾਉਣ ਦੇ ਮਕਸਦ ਨਾਲ ਕੀਤਾ ਗਿਆ, ਕਿਉਂਕਿ ਰਾਣਾ ਬਲਾਚੌਰੀਆ ਕਬੱਡੀ ਫੀਲਡ ਵਿੱਚ ਵੱਡਾ ਨਾਮ ਸੀ। ਇਹ ਘਟਨਾ ਸੋਮਵਾਰ ਦੇਰ ਸ਼ਾਮ ਸੋਹਾਣਾ ਵਿੱਚ ਵਾਪਰੀ, ਜਿੱਥੇ 2 ਤੋਂ 3 ਹਮਲਾਵਰ ਫੈਨ ਬਣ ਕੇ ਰਾਣਾ ਦੇ ਨੇੜੇ ਪਹੁੰਚੇ ਅਤੇ ਸੈਲਫੀ ਦੇ ਬਹਾਨੇ ਉਸ ਨੂੰ ਗੋਲੀ ਮਾਰ ਦਿੱਤੀ। ਗੰਭੀਰ ਹਾਲਤ ਵਿੱਚ ਰਾਣਾ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮੰਗਲਵਾਰ ਸਵੇਰੇ ਉਸ ਦੀ ਲਾਸ਼ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਆਂਦੀ ਗਈ। ਪੋਸਟਮਾਰਟਮ ਤੋਂ ਬਾਅਦ ਅੱਜ ਹੀ ਉਸ ਦਾ ਅੰਤਿਮ ਸੰਸਕਾਰ ਹੋ ਸਕਦਾ ਹੈ। ਇਸ ਹਮਲੇ ਦੌਰਾਨ ਰੋਪੜ ਨਿਵਾਸੀ ਜਗਪ੍ਰੀਤ ਸਿੰਘ ਨੂੰ ਵੀ ਗੋਲੀ ਲੱਗੀ ਹੈ। ਉਹ ਜ਼ਮੀਨ ‘ਤੇ ਡਿੱਗੇ ਰਾਣਾ ਦੀ ਮਦਦ ਲਈ ਦੌੜਿਆ ਸੀ। ਐੱਸ ਐੱਸ ਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 2–3 ਹੋਰ ਵਿਅਕਤੀਆਂ ਵੱਲੋਂ ਸ਼ੂਟਰਾਂ ਨੂੰ ਗਰਾਊਂਡ ਸਹਾਇਤਾ ਦਿੱਤੀ ਗਈ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ, ਆਦਿਤ੍ਯ ਕਪੂਰ ਉਰਫ਼ ਮੱਖਣ ‘ਤੇ ਪਹਿਲਾਂ ਹੀ 15 ਕੇਸ ਦਰਜ ਹਨ, ਜਦਕਿ ਕਰਨ ਪਾਠਕ ‘ਤੇ 2 ਕੇਸ ਦਰਜ ਹਨ। ਦੋਵੇਂ ਡੋਨੀ ਬੱਲ ਗੈਂਗ ਨਾਲ ਜੁੜੇ ਹੋਏ ਹਨ। ਤੀਜੇ ਸ਼ੂਟਰ ਦੀ ਪਛਾਣ ਹੋ ਚੁੱਕੀ ਹੈ, ਪਰ ਫਿਲਹਾਲ ਉਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰਾਣਾ ਬਲਾਚੌਰੀਆ ਦੀ 6 ਦਸੰਬਰ ਨੂੰ ਹੀ ਦੇਹਰਾਦੂਨ ਦੀ ਇੱਕ ਲੜਕੀ ਨਾਲ ਲਵ ਮੈਰਿਜ ਹੋਈ ਸੀ। ਹੱਤਿਆ ਦੀ ਜ਼ਿੰਮੇਵਾਰੀ ਮਸ਼ਹੂਰ ਸ਼ੂਟਰ ਦਵਿੰਦਰ ਬੰਬੀਹਾ ਗੈਂਗ ਵੱਲੋਂ ਲਈ ਗਈ ਹੈ, ਜਿਸ ਨੂੰ ਇਸ ਸਮੇਂ ਆਰਮੀਨੀਆ ‘ਚ ਬੈਠਾ ਗੈਂਗਸਟਰ ਲੱਕੀ ਪਟਿਆਲ ਚਲਾ ਰਿਹਾ ਹੈ।

