ਜਲੰਧਰ :
ਜਲੰਧਰ ਸ਼ਹਿਰ ’ਚ ਚਾਈਨਾ ਡੋਰ ਇਕ ਵਾਰ ਫਿਰ ਮਨੁੱਖੀ ਜੀਵਨ ਲਈ ਖ਼ਤਰਾ ਬਣ ਕੇ ਉੱਭਰਿਆ ਹੈ। ਪ੍ਰਸ਼ਾਸਨ ਦੇ ਸਾਰੇ ਦਾਅਵਿਆਂ ਤੇ ਪਾਬੰਦੀਆਂ ਨੂੰ ਟਾਲਦੇ ਹੋਏ, ਇਸ ਘਾਤਕ ਡੋਰ ਨੇ ਅੱਜ ਇਕ ਹੋਰ ਨੌਜਵਾਨ ’ਤੇ ਕਹਿਰ ਵਪਇਆ ਤੇ ਉਸ ਦਾ ਕੰਨ ਕੱਟਿਆ ਗਿਆ। ਸਿਵਲ ਹਸਪਤਾਲ ’ਚ ਕ੍ਰਿਸ਼ਨ ਨੇ ਦੱਸਿਆ ਕਿ ਉਹ ਰੈਣਕ ਬਾਜ਼ਾਰ ’ਚ ਇਕ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਉਹ ਆਪਣੇ ਦੁਕਾਨ ਮਾਲਕ ਦੇ ਬਜ਼ੁਰਗ ਪਿਤਾ ਨੂੰ ਘਰ ਤੋਂ ਦੁਕਾਨ ‘ਤੇ ਲੈ ਜਾ ਰਿਹਾ ਸੀ। ਜਿਵੇਂ ਹੀ ਉਹ ਆਦਰਸ਼ ਨਗਰ ਗੁਰੂਦੁਆਰਾ ਸਾਹਿਬ ਦੇ ਨੇੜੇ ਪੁੱਜਾ ਇਕ ਚੀਨੀ ਡੋਰ ਅਚਾਨਕ ਉਸਦੇ ਚਿਹਰੇ ਤੇ ਸਿਰ ’ਤੇ ਫਿਰ ਗਈ। ਕ੍ਰਿਸ਼ਨ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਡੋਰ ਇੰਨੀ ਤਿੱਖੀ ਸੀ ਕਿ ਇਸ ਨੇ ਪਲਕ ਝਪਕਦੇ ਹੀ ਕ੍ਰਿਸ਼ਨ ਦਾ ਕੰਨ ਕੱਟ ਦਿੱਤਾ। ਸੜਕ ’ਤੇ ਵਗਦਾ ਖੂਨ ਤੇ ਆਪਣਾ ਕੱਟਿਆ ਹੋਇਆ ਕੰਨ ਦੇਖ ਕੇ ਕ੍ਰਿਸ਼ਨ ਸਦਮਾ ਸਹਿਣ ਨਾ ਕਰਦੇ ਹੋਏ ਬੇਹੋਸ਼ ਹੋ ਗਿਆ। ਰਾਹਗੀਰਾਂ ਨੇ ਤੁਰੰਤ ਉਸਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਹੋਸ਼ ਆਉਣ ਤੋਂ ਬਾਅਦ ਕ੍ਰਿਸ਼ਨ ਦਾ ਦਰਦ ਗੁੱਸੇ ’ਚ ਬਦਲ ਗਿਆ। ਉਸ ਨੇ ਇਸ ਲਈ ਸਿੱਧੇ ਤੌਰ ‘ਤੇ ਜਲੰਧਰ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਇਆ। ਕ੍ਰਿਸ਼ਨ ਨੇ ਕਿਹਾ, ਸ਼ਹਿਰ ਦੇ ਹਰ ਕੋਨੇ ‘ਤੇ ਚੀਨੀ ਡੋਰ ਵਿਕ ਰਹੀ ਹੈ, ਬੱਚੇ ਤੇ ਨੌਜਵਾਨ ਖੁੱਲ੍ਹੇਆਮ ਇਸ ਦੀ ਵਰਤੋਂ ਕਰ ਰਹੇ ਹਨ ਪਰ ਪੁਲਿਸ ਨੇ ਅੱਖਾਂ ਮੀਟੀ ਬੈਠੀ ਹੈ। ਪਾਬੰਦੀ ਦੇ ਬਾਵਜੂਦ ਬੇਕਾਬੂ ਵਿਕਰੀ ਲਈ ਜ਼ਿੰਮੇਵਾਰ ਕੌਣ ਹੈ? ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਸਿਰਫ਼ ਰਸਮੀ ਛਾਪੇਮਾਰੀ ਕਰਦੀ ਹੈ, ਜਦਕਿ ਥੋਕ ਵਿਕਰੇਤਾ ਤੇ ਪਤੰਗ ਉਡਾਉਣ ਵਾਲੇ ਇਸ ਦੀ ਵਰਤੋਂ ਬਿਨਾਂ ਕਿਸੇ ਡਰ ਦੇ ਕਰਦੇ ਰਹਿੰਦੇ ਹਨ। ਇਸ ਘਟਨਾ ਨੇ ਰੈਣਕ ਬਾਜ਼ਾਰ ਦੇ ਦੁਕਾਨਦਾਰਾਂ ਤੇ ਸਥਾਨਕ ਲੋਕਾਂ ’ਚ ਗੁੱਸਾ ਪੈਦਾ ਕਰ ਦਿੱਤਾ ਹੈ। ਲੋਕਾਂ ਦੀ ਮੰਗ ਹੈ ਕਿ ਸਿਰਫ਼ ਡੋਰ ਨੂੰ ਜ਼ਬਤ ਕਰਨਾ ਕਾਫ਼ੀ ਨਹੀਂ ਹੈ, ਇਸ ਦੀ ਬਜਾਏ ਇਸ ਨੂੰ ਵੇਚਣ ਵਾਲਿਆਂ ‘ਤੇ ਸਖ਼ਤ ਕਾਨੂੰਨਾਂ ਤਹਿਤ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।

