ਮੁੰਬਈ 
ਦੇਸ਼ ਦੀ ਪਹਿਲੀ ਮਿਸ ਇੰਡੀਆ ਤੇ ਮਸ਼ਹੂਰ ਫੈਸ਼ਨ ਪੱਤਰਕਾਰ ਮੇਹਰ ਕੈਸਟੇਲਿਨੋ ਦਾ 81 ਸਾਲ ਦੀ ਉਮਰ ’ਚ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਮੁੰਬਈ ’ਚ ਪੈਦਾ ਹੋਈ ਮੇਹਰ ਨੇ 1964 ’ਚ ਫੈਮਿਨਾ ਮਿਸ ਇੰਡੀਆ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਉਹ ਇਹ ਸਨਮਾਨ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਸੀ ਤੇ ਉਨ੍ਹਾਂ ਨੇ ਮਿਸ ਯੂਨੀਵਰਸ ਤੇ ਮਿਸ ਯੂਨਾਈਟਡ ਨੇਸ਼ਨਸ ਮੁਕਾਬਲੇ ’ਚ ਭਾਰਤ ਦੀ ਨੁਮਾਇੰਦਗੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਫੈਸ਼ਨ ਪੱਤਰਕਾਰੀ ’ਚ ਲੰਬਾ ਤੇ ਅਸਰਦਾਰ ਕਰੀਅਰ ਬਣਾਇਆ। 1973 ’ਚ ਪੱਤਰਕਾਰੀ ਦੀ ਸ਼ੁਰੂਆਤ ਕਰਨ ਵਾਲੀ ਮੇਹਰ ਕੈਸਟੇਲਿਨੋ ਨੇ ਫੈਸ਼ਨ, ਲਾਈਫਸਟਾਈਲ ਤੇ ਸੁੰਦਰਤਾ ਨਾਲ ਜੁੜੇ ਵਿਸ਼ਿਆਂ ’ਤੇ ਦੇਸ਼-ਵਿਦੇਸ਼ ਦੇ ਕਈ ਪ੍ਰਮੁੱਖ ਪ੍ਰਖਾਸ਼ਨਾਂ ’ਚ ਲਿਖਿਆ। ਉਨ੍ਹਾਂ ਨੇ ਫੈਸ਼ਨ ਨੂੰ ਸਿਰਫ਼ ਗਲੈਮਰ ਨਹੀਂ, ਬਲਕਿ ਇਕ ਇੰਡਸਟਰੀ ਦੇ ਰੂਪ ’ਚ ਦੇਖਣ ਦੀ ਸੋਚ ਨੂੰ ਬੜ੍ਹਾਵਾ ਦਿੱਤਾ।

