ਅੰਮ੍ਰਿਤਸਰ : 
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਣ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਵੱਲੋਂ ਲੱਗੀ ਤਨਖਾਹ ਨੂੰ ਭੁਗਤਦਿਆਂ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਧਾਰਮਿਕ ਸੇਵਾ ਪੂਰੀ ਕੀਤੀ ਹੈ। ਵਲਟੋਹਾ ਉੱਤੇ ਬੀਤੇ ਸਮੇਂ ਸਿੰਘ ਸਾਹਿਬਾਨ ਖ਼ਿਲਾਫ਼ ਬੇਬੁਨਿਆਦ ਗੱਲਾਂ ਕਰਨ ਦਾ ਦੋਸ਼ ਸੀ, ਜਿਸ ਸਬੰਧੀ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ ਸੀ। 8 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਤਾ ਨੰਬਰ ਅ:ਤ/202 ਮਿਤੀ 15 ਅਕਤੂਬਰ 2024 ਅਨੁਸਾਰ ਵਿਰਸਾ ਸਿੰਘ ਵਲਟੋਹਾ ’ਤੇ ਸ਼੍ਰੋਮਣੀ ਅਕਾਲੀ ਦਲ ਵਿਚੋਂ ਦਸ ਸਾਲ ਦੀ ਲਗਾਈ ਗਈ ਰੋਕ ਹਟਾ ਦਿੱਤੀ ਸੀ। ਵਿਰਸਾ ਸਿੰਘ ਵਲਟੋਹਾ ਨੂੰ ਹੁਕਮ ਕੀਤਾ ਗਿਆ ਹੈ ਕਿ ਉਹ ਭਵਿੱਖ ’ਚ ਕਿਸੇ ਵੀ ਧਾਰਮਿਕ ਸ਼ਖ਼ਸੀਅਤ ਵਿਰੁੱਧ ਬਿਆਨਬਾਜ਼ੀ ਨਹੀਂ ਕਰਨਗੇ। ਵਲਟੋਹਾ ਨੂੰ ਤਿੰਨ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੋ ਦਿਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੇ ਇਕ-ਇਕ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ-ਇਕ ਘੰਟਾ ਭਾਂਡੇ ਮਾਂਜਣ ਤੇ ਜੋੜੇ ਝਾੜਣ ਦੀ ਸੇਵਾ ਲਗਾਈ ਸੀ। ਨਿਤਨੇਮ ਤੋਂ ਇਲਾਵਾ 11 ਦਿਨ ਸ੍ਰੀ ਜਪੁਜੀ ਸਾਹਿਬ, ਕਬਿਯੋਬਾਚ ਬੇਨਤੀ ਚੌਪਈ ਤੇ ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ਦਾ ਇਕ ਪਾਠ ਦੀ ਵੀ ਸੇਵਾ ਲਗਾਈ ਸੀ। ਉਪਰੰਤ 1100 ਦੀ ਕੜਾਹ ਪ੍ਰਸ਼ਾਦ ਦੀ ਦੇਗ ਤੇ 1100 ਰੁਪਏ ਗੋਲਕ ’ਚ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਵਾਉਣ ਦੀ ਸੇਵਾ ਨੂੰ ਪੂਰਾ ਕੀਤਾ ਹੈ। ਸੇਵਾ ਪੂਰੀ ਕਰਨ ਤੋਂ ਬਾਅਦ ਸਕੱਤਰੇਤ ਵਿਖੇ ਰਿਪੋਰਟ ਕਰ ਕੇ ਵਲਟੋਹਾ ਨੇ ਲੱਗੀ ਰੋਕ ਨੂੰ ਖ਼ਤਮ ਹੋਣ ਸਬੰਧੀ ਇੰਚਾਰਜ ਬਗੀਚਾ ਸਿੰਘ ਪਾਸੋਂ ਪੱਤਰ ਵੀ ਹਾਸਲ ਕੀਤਾ। ਕਿਹਾ ਕਿ 28 ਦਸੰਬਰ ਤੋਂ ਮੁੜ ਸਿਆਸੀ ਜੀਵਨ ਸ਼ੁਰੂਆਤ ਕਰਨਗੇ।

