ਸੰਭਲ : 
ਮੇਰਠ ‘ਚ ਮੁਸਕਾਨ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਕੱਟ ਕੇ ਡਰੱਮ ‘ਚ ਪਾਉਣ ਵਾਲੀ ਘਟਨਾ ਦੀ ਤਰ੍ਹਾਂ ਸੰਭਲ ਦੇ ਚੰਦੌਸੀ ‘ਚ ਵੀ ਇਕ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਉਸੇ ਬੇਰਹਿਮੀ ਨਾਲ ਕਤਲ ਕੀਤਾ ਹੈ। ਹਥੌੜੇ ਅਤੇ ਰਾਡ ਨਾਲ ਵਾਰ ਕਰ ਕੇ ਪਹਿਲਾਂ ਮੌਤ ਦੇ ਘਾਟ ਉਤਾਰਿਆ, ਫਿਰ ਗਲੈਂਡਰ ਨਾਲ ਲਾਸ਼ ਦੇ ਟੁਕੜੇ-ਟੁਕੜੇ ਕੀਤੇ। ਧੌਣ ਕੱਟੀ, ਹੱਥ-ਪੈਰ ਵੀ ਵੱਖ ਕਰ ਦਿੱਤੇ। ਧੜ ਨੂੰ ਨਾਲੇ ‘ਚ ਸੁੱਟ ਦਿੱਤਾ ਅਤੇ ਬਾਕੀ ਅੰਗਾਂ ਨੂੰ ਰਾਜਘਾਟ ਗੰਗਾ ‘ਚ ਵਹਾ ਦਿੱਤਾ। ਇੰਨਾ ਹੀ ਨਹੀਂ, ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਤਨੀ ਨੇ ਥਾਣੇ ‘ਚ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾ ਦਿੱਤੀ।
ਸੰਭਲ ਦੇ ਚੰਦੌਸੀ ‘ਚ ਹੋਇਆ ਦਿਲ ਦਹਿਲਾਉਣ ਵਾਲੀ ਘਟਨਾ ਦਾ ਪਰਦਾਫਾਸ਼
ਪੁਲਿਸ ਅਨੁਸਾਰ 15 ਦਸੰਬਰ ਨੂੰ ਸ਼ਹਿਰ ਦੇ ਨਾਲ ਲੱਗਦੇ ਪਤਰੂਆ ਪਿੰਡ ਦੇ ਨਾਲੇ ‘ਚੋਂ ਇੱਕ ਬੁਰੀ ਤਰ੍ਹਾਂ ਕੱਟੀ-ਵੱਢੀ ਤੇ ਸੜੀ-ਗਲੀ ਹਾਲਤ ‘ਚ ਲਾਸ਼ ਬਰਾਮਦ ਹੋਈ ਸੀ। ਇਸ ਵਿਚ ਸਿਰ ਅਤੇ ਹੱਥ-ਪੈਰ ਨਹੀਂ ਸਨ। ਦੋ ਦਿਨ ਬਾਅਦ ਲਾਸ਼ ਦੇ ਇੱਕ ਕੱਟੇ ਹੋਏ ਹੱਥ ‘ਤੇ “ਰਾਹੁਲ” ਨਾਂ ਲਿਖਿਆ ਮਿਲਿਆ ਜਿਸ ਦੇ ਆਧਾਰ ‘ਤੇ ਸ਼ਨਾਖਤ ਦੀ ਦਿਸ਼ਾ ਵਿੱਚ ਜਾਂਚ ਅੱਗੇ ਵਧੀ। ਇਸੇ ਦੌਰਾਨ ਪਤਾ ਲੱਗਾ ਕਿ ਕਰੀਬ ਇਕ ਮਹੀਨਾ ਪਹਿਲਾਂ ਚੁੰਨੀ ਮੁਹੱਲਾ ਨਿਵਾਸੀ ਰੂਬੀ ਨੇ ਆਪਣੇ ਪਤੀ ਰਾਹੁਲ ਦੀ ਗੁੰਮਸ਼ੁਦਗੀ ਦਰਜ ਕਰਵਾਈ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਰੂਬੀ ਦੇ ਮੁਹੱਲੇ ਦੇ ਹੀ ਗੌਰਵ ਨਾਲ ਨਾਜਾਇਜ਼ ਸਬੰਧ ਸਨ, ਜਿਸ ਦਾ ਰਾਹੁਲ ਲਗਾਤਾਰ ਵਿਰੋਧ ਕਰ ਰਿਹਾ ਸੀ। 18 ਨਵੰਬਰ ਨੂੰ ਰਾਹੁਲ ਨੇ ਰੂਬੀ ਅਤੇ ਗੌਰਵ ਨੂੰ ਇਤਰਾਜ਼ਯੋਗ ਹਾਲਤ ‘ਚ ਦੇਖ ਲਿਆ ਸੀ।
ਨਾਲੇ ਵਿੱਚ ਸੁੱਟਿਆ ਧੜ, ਗੰਗਾ ‘ਚ ਵਹਾਏ ਹੋਰ ਕੱਟੇ ਹੋਏ ਅੰਗ
ਉਸ ਸਮੇਂ ਰਾਹੁਲ ਨੇ ਗੌਰਵ ਤੇ ਰੂਬੀ ਨਾਲ ਕੁੱਟਮਾਰ ਕਰਦਿਆਂ ਮੁਹੱਲੇ ‘ਚ ਬਦਨਾਮ ਕਰਨ ਅਤੇ ਨਗਨ ਹਾਲਤ ‘ਚ ਘੁਮਾਉਣ ਦੀ ਧਮਕੀ ਦਿੱਤੀ ਸੀ, ਉਦੋਂ ਹੀ ਰੂਬੀ ਤੇ ਪ੍ਰੇਮੀ ਗੌਰਵ ਨੇ ਰਾਹੁਲ ‘ਤੇ ਹਮਲਾ ਕਰ ਦਿੱਤਾ ਤੇ ਫਿਰ ਕਤਲ ਦੀ ਸਾਜ਼ਿਸ਼ ਰਚੀ। ਕਤਲ ਤੋਂ ਬਾਅਦ ਲਾਸ਼ ਦੇ ਟੁਕੜੇ ਕਰਨ ਲਈ ਗੌਰਵ ਨੇ 19 ਨਵੰਬਰ ਨੂੰ ਗਰਾਈਂਡਰ ਖਰੀਦਿਆ। ਰੂਬੀ ਬਾਜ਼ਾਰ ਤੋਂ ਪੌਲੀਥੀਨ ਦਾ ਬੈਗ ਖਰੀਦ ਕੇ ਲਿਆਈ। ਸਿਰ ਅਤੇ ਹੱਥ-ਪੈਰਾਂ ਨੂੰ ਬੈਗ ‘ਚ ਭਰ ਕੇ ਗੰਗਾ ਵਿੱਚ ਸੁੱਟ ਦਿੱਤਾ ਗਿਆ ਜਦਕਿ ਧੜ ਨੂੰ ਪਤਰੂਆ ਪਿੰਡ ਦੇ ਨਾਲੇ ‘ਚ ਸੁੱਟ ਦਿੱਤਾ ਗਿਆ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਸੀ, ਪਰ ਸਿਰ ਤੇ ਹੱਥ-ਪੈਰ ਗੰਗਾ ‘ਚ ਰੁੜ੍ਹ ਗਏ।

