ਬਨੂੜ : 
ਨੰਡਿਆਲੀ ਰੋਡ ‘ਤੇ ਸਥਿਤ ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੌਟਲਰਜ਼ ਲਿਮ. ਨਾਮੀਂ ਸ਼ਰਾਬ ਫੈਕਟਰੀ ਦੀਆਂ ਪਰਾਲੀ ਦੀਆਂ ਗੱਠਾਂ ਨੂੰ ਅੱਜ ਰਾਤੀਂ ਭਿਆਨਕ ਅੱਗ ਲੱਗ ਗਈ। ਰਾਤੀਂ ਪੌਣੇ ਅੱਠ ਵਜੇ ਫੈਕਟਰੀ ਦੇ ਨੇੜਲੇ ਪਲਾਟ ਵਿੱਚ ਰੱਖੀਆਂ ਹੋਈਆਂ ਵੱਡੀ ਮਾਤਰਾ ਵਿਚ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਦਿਆਂ ਸਾਰ ਹੀ ਉੱਚੀਆਂ ਲਾਟਾਂ ਉੱਠ ਗਈਆਂ ਅਤੇ ਲੋਕੀਂ ਇਕੱਠੇ ਹੋ ਗਏ। ਰਾਜਪੁਰਾ, ਮੁਹਾਲੀ, ਡੇਰਾਬੱਸੀ, ਸਰਹਿੰਦ ਅਤੇ ਹੋਰਨਾਂ ਥਾਵਾਂ ਤੋਂ ਦਰਜਨ ਦੇ ਕਰੀਬ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ ਤੇ ਉਨ੍ਹਾਂ ਨੂੰ ਅੱਗ ਤੇ ਕਾਬੂ ਪਾਉਣ ਲਈ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਤੀਂ ਨੌਂ ਵਜੇ ਇਹ ਖ਼ਬਰ ਲਿਖੇ ਜਾਣ ਤੱਕ ਫ਼ਾਇਰ ਬ੍ਰਿਗੇਡ ਦੀਆਂ ਸਾਰੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਸ਼ਰਾਬ ਫੈਕਟਰੀ ਬਿਲਕੁੱਲ ਨੇੜੇ ਹੋਣ ਕਾਰਨ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਫੈਕਟਰੀ ਦੇ ਅਹਾਤੇ ਵੱਲ ਅੱਗ ਨੂੰ ਵਧਣ ਤੋਂ ਰੋਕਣ ਦੀ ਵੀ ਕੋਸ਼ਿਸ਼ ਕਰਦੀਆਂ ਰਹੀਆਂ। ਸਥਾਨਿਕ ਪੁਲਿਸ, ਪ੍ਰਸਾਸ਼ਨ ਅਤੇ ਸ਼ਰਾਬ ਫੈਕਟਰੀ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੋਏ ਸਨ। ਸ਼ਰਾਬ ਫੈਕਟਰੀ ਦੇ ਅਧਿਕਾਰੀ ਐੱਚ ਐੱਸ ਸੰਧੂ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਅਤੇ ਅੱਗ ਨੂੰ ਅੱਗੇ ਵੱਧਣ ਤੋਂ ਰੋਕ ਦਿੱਤਾ ਜਾਵੇਗਾ। ਅੱਗ ਨਾਲ ਟਨਾਂ ਦੇ ਹਿਸਾਬ ਨਾਲ ਇੱਥੇ ਸਟੋਰ ਕੀਤੀਆਂ ਸਾਰੀਆਂ ਗੱਠਾਂ ਸੜ੍ਹ ਗਈਆਂ। ਪਰਾਲੀ ਦੀਆਂ ਇਹ ਗੱਠਾਂ ਸ਼ਰਾਬ ਬਣਾਉਣ ਵਾਲੇ ਬਾਇਲਰਾਂ ਵਿਚ ਅੱਗ ਬਾਲਣ ਲਈ ਵਰਤੀਆਂ ਜਾਂਦੀਆਂ ਹਨ।

