ਜਗਰਾਉਂ। 
ਪਿੰਡ ਅਖਾੜਾ ਵਾਸੀਆਂ ਨੇ ਪਿਛਲੇ ਸਮੇਂ ਵਿੱਚ ਪਿੰਡ ‘ਚ ਲੱਗੇ ਚਿੱਪ ਵਾਲੇ ਸਮਾਰਟ ਮੀਟਰ ਉਤਾਰ ਕੇ ਅੱਜ ਪਾਵਰਕੌਮ ਦੇ ਰੂਮੀ ਦਫ਼ਤਰ ਚ ਜਮ੍ਹਾਂ ਕਰਵਾ ਦਿੱਤੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਅਤੇ ਇਕਾਈ ਪ੍ਰਧਾਨ ਗੁਰਤੇਜ ਸਿੰਘ ਅਖਾੜਾ ਦੀ ਅਗਵਾਈ ‘ਚ ਘਰੋਂ ਘਰੀਂ ਲੱਗੇ ਮੀਟਰ ਉਤਾਰ ਕੇ ਪਾਵਰਕੌਮ ਦੇ ਉਪ ਮੰਡਲ ਅਫ਼ਸਰ ਅਮਰਿੰਦਰ ਕੁਮਾਰ ਨੂੰ ਜਮ੍ਹਾਂ ਕਰਵਾਕੇ ਰਸੀਦ ਹਾਸਲ ਕੀਤੀ।ਇਸ ਸਮੇਂ ਪਿੰਡ ਵਾਸੀਆਂ ਨੇ ਜਥੇਬੰਦੀ ਦੀ ਅਗਵਾਈ ‘ਚ ਬਿਜਲੀ ਦਫਤਰ ਅੱਗੇ ਧਰਨਾ ਦੇ ਕੇ ਬਿਜਲੀ ਅਧਿਕਾਰੀਆਂ ਤੋਂ ਪੁਰਾਣੇ ਮੀਟਰ ਲਗਾਉਣ ਦੀ ਮੰਗ ਕੀਤੀ। ਇਸ ਸਮੇਂ ਹਾਜ਼ਰ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਖਾੜਾ ਵਾਸੀਆਂ ਵਲੋਂ ਕੀਤੀ ਗਈ ਇਸ ਪਹਿਲਕਦਮੀ ਨੂੰ ਦੂਜੇ ਪਿੰਡਾਂ ਵਿਚ ਵੀ ਲਾਗੂ ਕੀਤਾ ਜਾਵੇ ਗਾ। ਉਨ੍ਹਾਂ ਕਿਹਾ ਕਿ ਮੋਰਚੇ ਦੇ ਦਬਾਅ ਕਾਰਨ ਭਾਵੇਂ ਇਸ ਵੇਰ ਦੇ ਪਾਰਲੀਮੈਂਟ ਦੇ ਸਰਦ ਰੁੱਤ ਸੈਸਨ ਚ ਬਿਜਲੀ ਐਕਟ 2025 ਪੇਸ਼ ਕਰਨ ਤੋਂ ਕੇਂਦਰ ਸਰਕਾਰ ਨੇ ਟਾਲਾ ਵੱਟ ਲਿਆ ਹੈ ਪਰ ਬਿਜਲੀ ਬੋਰਡ ਦੇ ਕੁੱਲ ਨਿਜੀਕਰਨ ਦੀ ਨੀਤੀ ਮੋਦੀ ਦੀ ਕਾਰਪੋਰੇਟ ਪੱਖੀ ਸਰਕਾਰ ਦਾ ਮੁੱਖ ਏਜੰਡਾ ਹੈ। ਇਸ ਲੋਕ ਵਿਰੋਧੀ ਹਕੂਮਤ ਨੇ ਜਿਵੇਂ ਤਿੰਨ ਖੇਤੀ ਕਨੂੰਨ ਆਰਡੀਨੈਂਸ ਰਾਹੀਂ ਲਾਗੂ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ,ਉਸੇ ਤਰ੍ਹਾਂ ਬਿਜਲੀ ਮਹਿਕਮੇ ਨੂੰ ਲੁੱਟ ਦਾ ਅੱਡਾ ਬਣਾਉਣ ਲਈ ਵਿਸ਼ੇਸ਼ ਆਰਡੀਨੈਂਸ ਲਿਆ ਸਕਦੀ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਫੋਨਾਂ ਵਾਂਗ ਪਹਿਲਾਂ ਸਿਮ ਖਰੀਦ ਕੇ ਬਿਜਲੀ ਵਰਤਣ ਦਾ ਫ਼ਰਮਾਨ ਦੇਸ਼ ਦੇ ਲੋਕ ਮੰਨਣ ਲਈ ਤਿਆਰ ਨਹੀਂ ਹੋਣਗੇ। ਉਨ੍ਹਾਂ ਕਿਹਾ ਪੰਜਾਬ ਭਰ ਚ ਸਮਾਰਟ ਮੀਟਰ ਲਗਾ ਕੇ ਪਾਵਰਕੌਮ ਨੂੰ ਮੋਦੀ ਸਰਕਾਰ ਅਸਲ ਚ ਅੰਬਾਨੀ ਅਡਾਨੀ ਦੇ ਹਵਾਲੇ ਕਰਨਾ ਹੈ। ਇਸ ਕੰਮ ਚ ਭਗਵੰਤ ਮਾਨ ਸਰਕਾਰ ਦੀ ਚੁੱਪ ਸਹਿਮਤੀ ਹੈ। ਸਿੱਟੇ ਵਜੋਂ ਸਾਰੀਆਂ ਸਬਸਿਡੀਆਂ ਦਾ ਭੋਗ ਪਾਇਆ ਜਾਵੇਗਾ। ਨਿੱਜੀ ਮਾਲਕ ਮਰਜ਼ੀ ਨਾਲ ਬਿਜਲੀ ਦਰਾਂ ਚ ਵਾਧਾ ਕਰਨਗੇ। ਇਸ ਸਮੇਂ ਹਾਜ਼ਰ ਕਿਸਾਨ ਆਗੂ ਨਿਰਮਲ ਸਿੰਘ ਭੰਮੀਪੁਰਾ ਨੇ ਕਿਹਾ ਕਿ ਇਸੇ ਤਰ੍ਹਾਂ ਬੀਜ ਐਕਟ ਲਾਗੂ ਕਰਕੇ ਕਿਸਾਨਾਂ ਦੇ ਬੀਜਣ ਅਧਿਕਾਰ ਨੂੰ ਵੀ ਖੋਹਿਆ ਜਾ ਰਿਹਾ ਹੈ। ਮਨਰੇਗਾ ਦਾ ਕੇਂਦਰੀਕਰਨ ਕਰਕੇ ਰੋਟੀ ਦਾ ਆਖਰੀ ਨਿਵਾਲਾ ਵੀ ਮੋਦੀ ਸਰਕਾਰ ਖੋਹਣ ਜਾ ਰਹੀ ਹੈ। ਇਸ ਸਮੇਂ ਧਰਨਾ ਕਾਰੀਆਂ ਨੇ ਪੰਜਾਬ ਸਰਕਾਰ ਵਲੋਂ ਪਾਵਰਕੌਮ ਦੀਆਂ ਜ਼ਮੀਨਾਂ ਵੇਚਣ ਦੇ ਫੈਸਲੇ ਖਿਲਾਫ ਵੀ ਆਵਾਜ਼ ਬੁਲੰਦ ਕੀਤੀ। ਇਸ ਸਮੇਂ ਹਰਦੇਵ ਸਿੰਘ ਅਖਾੜਾ, ਜਸਬੀਰ ਸਿੰਘ ਅਖਾੜਾ, ਬਹਾਦਰ ਸਿੰਘ ਅਖਾੜਾ,ਅਜਾਇਬ ਸਿੰਘ ਅਖਾੜਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਦੋ ਦਰਜਨ ਦੇ ਕਰੀਬ ਬੀਬੀਆਂ ਵੀ ਹਾਜ਼ਰ ਸਨ।

