328 ਪਾਵਨ ਸਰੂਪਾਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ,
ਅੰਮ੍ਰਿਤਸਰ : 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ’ਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਸਿੱਖ ਸਦਭਾਵਨਾ ਦਲ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਕਮਿਸ਼ਨਰ ਦੀ ਗੈਰ-ਹਾਜ਼ਰੀ ’ਚ ਇਹ ਮੰਗ ਪੱਤਰ ਡੀਸੀਪੀ ਅਤੇ ਐਸਆਈਟੀ (S9“) ਮੈਂਬਰ ਰਵਿੰਦਰ ਸਿੰਘ ਸੰਧੂ ਨੂੰ ਦਿੱਤਾ ਗਿਆ।ਇਸ ਮੌਕੇ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ ਨੇ ਕਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠੋਂ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ’ਚ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਸਿੱਖ ਕੌਮ ਨੂੰ ਪੰਜ ਸਾਲ ਸੰਘਰਸ਼ ਕਰਨਾ ਪਿਆ। ਹੁਣ ਜਦੋਂ ਹਾਈਕੋਰਟ ਦੇ ਹੁਕਮਾਂ ਅਤੇ ਬਲਦੇਵ ਸਿੰਘ ਵਡਾਲਾ ਦੇ ਯਤਨਾਂ ਸਦਕਾ ਐਫ.ਆਈ.ਆਰ. (69R) ਦਰਜ ਹੋ ਚੁੱਕੀ ਹੈ ਤਾਂ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰ ਰਿਹਾ? ਸਰਕਾਰ ਸਿਰਫ਼ ਰਸਮਾਂ ਨਿਭਾਉਣ ਦੀ ਬਜਾਏ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।ਉਨ੍ਹਾਂ ਦੋਸ਼ ਲਾਇਆ ਕਿ ਜਿਸ ਤਰ੍ਹਾਂ ਬਰਗਾੜੀ ਕਾਂਡ ’ਚ ਦੋਸ਼ੀਆਂ ਨੂੰ ਬਚਾਇਆ ਗਿਆ, ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ 328 ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 24 ਅਕਤੂਬਰ 2020 ਨੂੰ ਇਨਸਾਫ਼ ਦੀ ਮੰਗ ਕਰ ਰਹੇ ਪੰਥਕ ਜਥੇਬੰਦੀਆਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ, ਜਿਸ ਵਿੱਚ ਕੇਸਾਂ ਤੇ ਦਸਤਾਰਾਂ ਦੀ ਬੇਅਦਬੀ ਹੋਈ ਸੀ। ਭਾਈ ਖੋਸੇ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕਤਲ ਦੀ ਧਾਰਾ 302 ਤਹਿਤ ਦੋ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਹ ਸਪੱਸ਼ਟ ਕੀਤਾ ਜਾਵੇ ਕਿ ਪਾਵਨ ਸਰੂਪ ਕਿਸ ਨੇ, ਕਿਸ ਨੂੰ ਅਤੇ ਕਿਸ ਦੇ ਹੁਕਮ ’ਤੇ ਦਿੱਤੇ ਸਨ ਅਤੇ ਮੌਜੂਦਾ ਸਮੇਂ ਉਹ ਕਿਸ ਹਾਲਤ ਵਿੱਚ ਹਨ। ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਦੋਸ਼ੀ ਅਗਾਊਂ ਜ਼ਮਾਨਤ ਲੈ ਕੇ ਕਾਨੂੰਨ ਦੀ ਪਕੜ ਤੋਂ ਬਚ ਸਕਦੇ ਹਨ। ਇਸ ਮੌਕੇ ਨਿਸ਼ਾਨ ਸਿੰਘ ਸਿਆਲਕਾ, ਸਰੂਪ ਸਿੰਘ ਭੁੱਚਰ, ਕੁਲਦੀਪ ਸਿੰਘ ਮੋਦੇ, ਧੀਰ ਸਿੰਘ, ਸਰਬਜੀਤ ਸਿੰਘ, ਰਣਜੀਤ ਸਿੰਘ ਗਦਰਜ਼ਾਦਾ, ਅਵਤਾਰ ਸਿੰਘ ਪਿੱਪਲੀ, ਜਸਪਾਲ ਸਿੰਘ ਸੁਲਤਾਨਪੁਰ, ਅਮਰੀਕ ਸਿੰਘ ਮੱਤਾ, ਕਰਮਜੀਤ ਸਿੰਘ ਬੱਚੀਵਿੰਡ, ਜਗਜੀਤ ਸਿੰਘ ਬੱਚੀਵਿੰਡ, ਸਤਨਾਮ ਸਿੰਘ ਸਮਸਾ, ਗੁਰਨਾਮ ਸਿੰਘ ਬੋਝਾ, ਪਾਲ ਸਿੰਘ ਬੋਝਾ, ਅਮਨਪ੍ਰੀਤ ਸਿੰਘ ਮਹਿਦੀਪੁਰ, ਭਾਈ ਨਿਸ਼ਾਨ ਸਿੰਘ ਮਹਿਦੀਪੁਰ, ਗਗਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੁਰਮੀਤ ਸਿੰਘ ਪਹੂਵਿੰਡ, ਹਰਦੇਵ ਸਿੰਘ ਛੇਹਰਟਾ, ਗੁਰਬਖਸ਼ ਸਿੰਘ ਮੁੱਛਲ, ਸਤਵੰਤ ਸਿੰਘ ਵੇਰਕਾ ਤੇ ਹੋਰ ਸੰਗਤਾਂ ਹਾਜ਼ਰ ਸਨ।

