ਐੱਸਏਐੱਸ ਨਗਰ : 
ਮੋਹਾਲੀ ਦੇ ਫੇਜ਼-5 ਇਲਾਕੇ ਵਿੱਚ ਸੋਮਵਾਰ ਰਾਤ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਵਧੀਕ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਸ੍ਰੀਮਤੀ ਅਸ਼ੋਕ ਗੋਇਲ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਦੇ ਸਮੇਂ ਕ੍ਰਿਸ਼ਨ ਕੁਮਾਰ ਗੋਇਲ ਆਪਣੀ ਬੇਟੀ ਨੂੰ ਮਿਲਣ ਲਈ ਮਸਕਟ (ਓਮਾਨ) ਗਏ ਹੋਏ ਸਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਰਾਤ ਕਰੀਬ 11 ਵਜੇ ਵਾਪਰੀ। ਮੰਗਲਵਾਰ ਸਵੇਰੇ ਜਦੋਂ ਘਰ ਦੀ ਨੌਕਰਾਨੀ ਕੰਮ ‘ਤੇ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਘਰ ਦਾ ਨੌਕਰ ਨੀਰਜ ਕੁਰਸੀ ਨਾਲ ਬੰਨ੍ਹਿਆ ਹੋਇਆ ਸੀ ਅਤੇ ਸ੍ਰੀਮਤੀ ਗੋਇਲ ਦੀ ਲਾਸ਼ ਪਈ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਘਰ ਵਿੱਚ ਲੁੱਟ-ਖੋਹ ਕੀਤੀ ਅਤੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਿਰੋਧ ਕਰਨ ‘ਤੇ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫੋਰੈਂਸਿਕ ਟੀਮ ਅਤੇ ਉੱਚ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਪੁਲਿਸ ਨੂੰ ਘਰ ਦੇ ਨੌਕਰ ਨੀਰਜ (25) ਦੀ ਭੂਮਿਕਾ ‘ਤੇ ਸ਼ੱਕ ਹੈ, ਜੋ ਪਿਛਲੇ 9 ਸਾਲਾਂ ਤੋਂ ਪਰਿਵਾਰ ਕੋਲ ਕੰਮ ਕਰ ਰਿਹਾ ਸੀ। ਫਿਲਹਾਲ ਪੁਲਿਸ ਨੇ ਨੌਕਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।

