, ਅੰਮ੍ਰਿਤਸਰ :
ਤਰਨਤਾਰਨ ਵਲਟੋਹਾ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੇ ਕਤਲ ਦੇ ਸਬੰਧ ਵਿਚ ਪੁਲਿਸ ਨੇ ਛੱਤੀਸਗੜ੍ਹ ਰਾਏਪੁਰ ਤੋਂ ਦੋ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ। ਮੁਲਜ਼ਮਾਂ ਨੇ 4 ਜਨਵਰੀ ਨੂੰ ਵੇਰਕਾ ਦੇ ਮੇਰੀ ਗੋਲਡ ਮੈਰਿਜ ਪੈਲੇਸ ਵਿਚ ਸਰਪੰਚ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ।ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਤਰਨਤਾਰਨ ਦੇ ਰਹਿਣ ਵਾਲੇ ਸੁਖਰਾਜ ਸਿੰਘ ਅਤੇ ਕਰਮਵੀਰ ਵਜੋਂ ਹੋਈ ਹੈ। ਮੁਲਜ਼ਮਾਂ ਨੇ ਮੰਨਿਆ ਕਿ ਇਹ ਹੱਤਿਆਕਾਂਡ ਉਨ੍ਹਾਂ ਨੇ ਆਪਣੇ ਵਿਦੇਸ਼ ਬੈਠੇ ਆਕਾ ਪ੍ਰਭ ਦਾਸੂਵਾਲ ਦੇ ਇਸ਼ਾਰੇ ‘ਤੇ ਕੀਤਾ ਹੈ। ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਘਟਨਾ ਤੋਂ ਬਾਅਦ ਪੰਜਾਬ ਤੋਂ ਭੱਜ ਗਏ ਸਨ। ਉਹ ਦਿੱਲੀ ਹੁੰਦੇ ਹੋਏ ਰਾਏਪੁਰ ਗਏ ਅਤੇ ਉੱਥੇ ਲੁਕ ਗਏ। ਪੁਲਿਸ ਨੂੰ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਉੱਥੇ ਲੁਕੇ ਹੋਏ ਹਨ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੋਵਾਂ ਨੂੰ ਰਾਏਪੁਰ ਅਦਾਲਤ ਵਿਚ ਪੇਸ਼ ਕੀਤਾ ਅਤੇ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਤੋਂ ਹੀ ਅੰਮ੍ਰਿਤਸਰ ਪੁਲਿਸ ਮੁਲਜ਼ਮਾਂ ਦੀ ਲੋਕੇਸ਼ਨ, ਕਾਲ ਡਿਟੇਲ ਅਤੇ ਨਿਗਰਾਨੀ ਕਰ ਰਹੀ ਸੀ। ਇਸ ਸਬੰਧ ਵਿਚ ਤਰਨਤਾਰਨ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਦੀ ਸਹਾਇਤਾ ਕਰਨ ਵਾਲੇ ਇਕ ਸਾਥੀ ਨੂੰ 5 ਜਨਵਰੀ ਨੂੰ ਇਕ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਘਟਨਾ ਸਮੇਂ ਜਰਮਲ ਸਿੰਘ ਵਲਟੋਹਾ ਤੋਂ ਅੰਮ੍ਰਿਤਸਰ ਇਕ ਵਿਆਹ ਸਮਾਗਮ ਲਈ ਆਏ ਸੀ। ਹਾਲਾਂਕਿ ਮੁਲਜ਼ਮ ਲਗਾਤਾਰ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਮੌਕਾ ਮਿਲਦੇ ਹੀ ਦੋ ਮੁਲਜ਼ਮ ਪਹੁੰਚੇ ਅਤੇ ਉਨ੍ਹਾਂ ਦੇ ਸਿਰ ਦੇ ਪਿਛਲੇ ਹਿੱਸੇ ਵਿਚ ਗੋਲ਼ੀ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਸ਼ੀ ਭੱਜ ਗਏ। ਇਹ ਦੱਸਣਯੋਗ ਹੈ ਕਿ ਮੁਲਜ਼ਮਾਂ ਨੇ ਸਰਪੰਚ ਜਰਮਲ ਸਿੰਘ ਤੋਂ ਫਿਰੌਤੀ ਮੰਗੀ ਸੀ। ਮੁਲਜ਼ਮਾਂ ਨੇ ਪਹਿਲਾਂ ਵੀ ਸਰਪੰਚ ਜਰਮਲ ਸਿੰਘ ‘ਤੇ ਤਿੰਨ ਵਾਰ ਹਮਲਾ ਕੀਤਾ ਸੀ, ਪਰ ਉਹ ਕਿਸੇ ਤਰ੍ਹਾਂ ਬਚ ਗਏ ਸਨ।

