ਰਾਜਪੁਰਾ: 
ਥਾਣਾ ਘਨੌਰ ਦੀ ਪੁਲਿਸ ਨੇ ਇੱਕ ਬਹੁਤ ਹੀ ਉਲਝੇ ਹੋਏ ‘ਅੰਨ੍ਹੇ ਕਤਲ’ (Blind Murder) ਦੇ ਮਾਮਲੇ ਨੂੰ ਸੁਲਝਾਉਣ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਮ੍ਰਿਤਕ ਦਾ ਚਾਂਦੀ ਦਾ ਕੜਾ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ।
ਕੀ ਹੈ ਪੂਰਾ ਮਾਮਲਾ?
ਰਾਜਪੁਰਾ ਮਿੰਨੀ ਸਕੱਤਰੇਤ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਬਚਿੱਤਰ ਸਿੰਘ ਵਾਸੀ ਘਨੌਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ 22 ਸਾਲਾ ਲੜਕਾ ਅਵਿਕਰਮਜੀਤ ਸਿੰਘ, ਜੋ ਪਟਿਆਲਾ ਵਿਖੇ ਕੈਮੀਸਟ ਦਾ ਕੰਮ ਸਿੱਖ ਰਿਹਾ ਸੀ, 26 ਦਸੰਬਰ 2025 ਨੂੰ ਲਾਪਤਾ ਹੋ ਗਿਆ ਸੀ। ਤਲਾਸ਼ੀ ਦੌਰਾਨ 3 ਜਨਵਰੀ 2026 ਨੂੰ ਅਵਿਕਰਮਜੀਤ ਦੀ ਲਾਸ਼ ਪਿੰਡ ਡੀਲਵਾਲ (ਅਰਬਨ ਅਸਟੇਟ ਨੇੜੇ) ਦੇ ਇੱਕ ਅਣਛੱਤੇ ਮਕਾਨ ਵਿੱਚੋਂ ਬਰਾਮਦ ਹੋਈ ਸੀ।
ਵੈੱਬ ਸੀਰੀਜ਼ ਤੋਂ ਪ੍ਰਭਾਵਿਤ ਹੋ ਕੇ ਕੀਤਾ ਕਤਲ
ਪੁਲਿਸ ਤਫਤੀਸ਼ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਮੁੱਖ ਮੁਲਜ਼ਮ ਵਿਕਰਮਜੀਤ ਸਿੰਘ ਦੀ ਇੱਕ ਲੜਕੀ ਨਾਲ ਦੋਸਤੀ ਸੀ, ਪਰ ਜਦੋਂ ਉਸ ਲੜਕੀ ਨੇ ਮ੍ਰਿਤਕ ਅਵਿਕਰਮਜੀਤ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ, ਤਾਂ ਵਿਕਰਮਜੀਤ ਨੇ ਜਲਣ (Jealousy) ਵਿੱਚ ਆ ਕੇ ਉਸਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ। ਮੁਲਜ਼ਮ ਨੇ ਨੈੱਟਫਲਿਕਸ (Netflix) ‘ਤੇ ਇੱਕ ਵੈੱਬ ਸੀਰੀਜ਼ ਦੇਖ ਕੇ ਕਤਲ ਕਰਨ ਦਾ ਤਰੀਕਾ ਸਿੱਖਿਆ ਅਤੇ 26 ਦਸੰਬਰ ਨੂੰ ਅਵਿਕਰਮਜੀਤ ਨੂੰ ਬਹਾਨੇ ਨਾਲ ਡੀਲਵਾਲ ਲੈ ਜਾ ਕੇ ਉਸਦੇ ਸਿਰ ਵਿੱਚ ਇੱਟਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਕਰਮਜੀਤ ਸਿੰਘ ਨੂੰ 9 ਜਨਵਰੀ 2026 ਨੂੰ ਪਟਨਾ ਰੇਲਵੇ ਸਟੇਸ਼ਨ (ਬਿਹਾਰ) ਤੋਂ ਗ੍ਰਿਫ਼ਤਾਰ ਕੀਤਾ ਉਸਦੇ ਸਾਥੀ ਸਤਨਾਮ ਸਿੰਘ (ਜੋ ਪਹਿਲਾਂ ਵੀ ਕਤਲ ਕੇਸ ਵਿੱਚ ਜੇਲ੍ਹ ਜਾ ਚੁੱਕਾ ਹੈ) ਨੂੰ 14 ਜਨਵਰੀ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਮ੍ਰਿਤਕ ਦਾ ਮੋਬਾਈਲ ਫ਼ੋਨ, ਚਾਂਦੀ ਦਾ ਕੜਾ ਅਤੇ ਵਾਰਦਾਤ ਵੇਲੇ ਵਰਤਿਆ ਪਲੈਟੀਨਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 103 (ਕਤਲ) ਅਤੇ 61(2) (ਅਪਰਾਧਿਕ ਸਾਜ਼ਿਸ਼) ਦੇ ਵਾਧੇ ਸਮੇਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

