ਡੇਰਾ ਬਾਬਾ ਨਾਨਕ : 
ਪੁਲਿਸ ਥਾਣਾ ਕਰਤਾਰਪੁਰ ਕਾਰੀਡੋਰ ਅਧੀਨ ਆਉਂਦੇ ਪਿੰਡ ਸਾਹਪੁਰ ਗੁਰਾਇਆ ਪੱਤੀ ਝੰਗੀਆਂ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਆਟੇ ਦੇ ਪੇੜੇ ‘ਚ ਜ਼ਹਿਰ ਦੇਣ ਕਰਨ ਦੋ ਕੀਮਤੀ ਗਾਵਾਂ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪਸ਼ੂ ਪਾਲਕ ਗੁਰਮੀਤ ਸਿੰਘ ਵਾਸੀ ਸ਼ਾਹਪੁਰ ਗੁਰਾਇਆ ਪੱਤੀ ਝੰਗੀਆਂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸ ਨੇ ਆਪਣੇ ਪਸ਼ੂਆਂ ਦੀ ਹਵੇਲੀ ਜਾ ਕੇ ਵੇਖਿਆ ਤਾਂ ਉਸ ਦੀਆਂ ਦੋ ਗਾਵਾਂ ਮਰੀਆਂ ਹੋਈਆਂ ਸਨ ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਸੀ। ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਦੋਵੇਂ ਗਾਵਾਂ ਪਿਛਲੇ ਦਿਨੀ ਖਰੀਦੀਆਂ ਸਨ। ਇਨ੍ਹਾਂ ਵਿੱਚੋਂ ਇਕ ਸੱਜਰ ਦਧਾਰੂ ਗਾਂ ਜਿਸ ਦੀ ਕੀਮਤ 75 ਹਜ਼ਾਰ ਤੇ ਦੂਸਰੀ ਗਰਭਵਤੀ ਜਿਸ ਦੀ ਕੀਮਤ 65000 ਨੂੰ ਸ਼ਰਾਰਤੀ ਅਨਸਰਾਂ ਆਟੇ ਦੇ ਪੇੜੇ ‘ਚ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦਕਿ ਇਕ ਗਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਥਾਣਾ ਕਰਤਾਰਪੁਰ ਕੋਰੀਡੋਰ ਨੂੰ ਦੇਣ ਉਪਰੰਤ ਥਾਣੇ ਦੇ ਐਸਐਚਓ ਗੁਰ ਦਰਸ਼ਨ ਸਿੰਘ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ। ਇਸ ਮੌਕੇ ‘ਤੇ ਐਸਐਚਓ ਗੁਰਦਰਸ਼ਨ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਸ਼ੂ ਪਾਲਕ ਗੁਰਮੀਤ ਸਿੰਘ ਦੇ ਬਿਆਨਾਂ ਤਹਿਤ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਗੁਰਮੀਤ ਸਿੰਘ ਨੂੰ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵੀ ਸ਼ਰਾਰਤੀ ਅਨਸਰਾਂ ਵੱਲੋਂ ਉਸ ਦੇ ਟਰੈਕਟਰ ਨੂੰ ਅੱਗ ਲਗਾ ਕੇ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਮੌਕੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਰਾਰਤੀ ਅਨਸਰਾਂ ਦੀ ਤੁਰੰਤ ਭਾਲ ਕਰ ਕੇ ਉਨ੍ਹਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

