ਅੰਮ੍ਰਿਤਸਰ :
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਲਗਾਤਾਰ ਬਣਾਈਆਂ ਜਾ ਰਹੀਆਂ ਇਤਰਾਜ਼ਯੋਗ ਵੀਡੀਓ ਦਾ ਸਖਤ ਨੋਟਿਸ ਲੈਂਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਇਸ ਵਰਤਾਰੇ ਨੂੰ ਰੋਕਣ ਲਈ ਠੋਸ ਕਾਰਵਾਈ ਕਰਨ ਲਈ ਆਖਿਆ ਹੈ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਹੈ, ਜਿਸ ਦੇ ਚਾਰ ਦਰਵਾਜ਼ੇ ਸਮੁੱਚੀ ਮਾਨਵਤਾ ਨੂੰ ਸਰਬ-ਸਾਂਝੀਵਾਲਤਾ, ਭਾਈਚਾਰਕ ਸਾਂਝ ਤੇ ਪ੍ਰੇਮ ਦਾ ਉਪਦੇਸ਼ ਤੇ ਸਿਧਾਂਤ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਤਕਨੀਕੀ ਯੁੱਗ ਅੰਦਰ ਏਆਈ ਦੀ ਦੁਰਵਰਤੋਂ ਕਰਦਿਆ ਸ਼ਰਾਰਤੀ ਅਨਸਰਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲੇ ਪ੍ਰਬੰਧ ਬਾਰੇ ਨਕਲੀ ਤੇ ਇਤਰਾਜ਼ਯੋਗ ਵੀਡੀਓ ਬਣਾ ਕੇ ਲਗਾਤਾਰ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਗਹਿਰੀ ਚਿੰਤਾ ਦਾ ਵਿਸ਼ਾ ਇਹ ਹੈ, ਜਿਸ ਨਾਲ ਸਰਕਾਰਾਂ ਦੀ ਮਨਸ਼ਾ ਉੱਪਰ ਸਿੱਧਾ ਸਵਾਲ ਖੜਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਇਤਰਾਜ਼ਯੋਗ ਸਮੱਗਰੀ ਕਿਸੇ ਹੋਰ ਬਾਰੇ ਜਾਂ ਸਰਕਾਰ ਦੇ ਕਿਸੇ ਮੰਤਰੀ ਬਾਰੇ ਪਾਈ ਗਈ ਹੋਵੇ ਤਾਂ ਸਰਕਾਰਾਂ ਕੁਝ ਸਮੇਂ ਵਿਚ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਦੀਆਂ ਹਨ।ਲੇਕਿਨ ਜਦੋਂ ਸਿੱਖਾਂ ਨਾਲ ਸਬੰਧਤ ਅਜਿਹੇ ਇਤਰਾਜ਼ਯੋਗ ਮਾਮਲੇ ਆਉਂਦੇ ਹਨ ਤਾਂ ਇਸ ਵਿਚ ਜਾਂਚ ਏਜੰਸੀਆਂ ਦੀ ਉਦਾਸੀਨਤਾ ਨਜ਼ਰ ਆਉਂਦੀ ਹੈ ਜੋ ਕਿ ਮੰਦਭਾਗੀ ਕਾਰਵਾਈ ਹੈ ਤੇ ਇਹ ਸਿੱਖਾਂ ਨੂੰ ਇੰਝ ਅਹਿਸਾਸ ਕਰਵਾਉਂਣ ਵਾਲੀ ਗੱਲ ਕਿ ਉਨ੍ਹਾਂ ਦੇ ਮਾਮਲੇ ਜਾਣਬੁੱਝ ਕੇ ਦਬਾਏ ਜਾ ਰਹੇ ਹਨ। ਇਸ ਤਰ੍ਹਾਂ ਸ਼ਰਾਰਤੀ ਅਨਸਰ ਇਤਰਾਜ਼ਯੋਗ ਸਮੱਗਰੀ ਤੇ ਵੀਡੀਓ ਹੋਰ ਜ਼ਿਆਦਾ ਫੈਲਾਉਣ ਲਈ ਉਤਸ਼ਾਹਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਸ਼ਰਾਰਤੀ ਲੋਕਾਂ ਦੀ ਬਿਨਾਂ ਦੇਰੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੀ ਪਛਾਣ ਜਨਤਕ ਕਰਕੇ ਬਣਦੀ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਜਿਨ੍ਹਾਂ ਸ਼ਰਾਰਤੀ ਲੋਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਧਮਕੀ ਭਰੀਆਂ ਈ-ਮੇਲਾਂ ਕੀਤੀਆਂ ਸਨ, ੳਹਨਾਂ ਬਾਰੇ ਵੀ ਅੱਜ ਤੱਕ ਕੋਈ ਜਾਣਕਾਰੀ ਸਰਕਾਰ ਦੀ ਤਰਫ਼ੋਂ ਸਾਹਮਣੇ ਨਹੀਂ ਲਿਆਂਦੀ ਗਈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਰਤ ਅੰਦਰ ਕੇਂਦਰ ਸਰਕਾਰ ਸਮੂਹ ਕਾਰਜਸ਼ੀਲ ਏਆਈ ਕੰਪਨੀਆਂ ਨੂੰ ਵਿਸ਼ੇਸ਼ ਆਦੇਸ਼ ਜਾਰੀ ਕਰੇ ਕਿ ਇਹ ਕੰਪਨੀਆਂ ਦੇਸ਼ ਅੰਦਰ ਸਾਰੇ ਧਰਮਾਂ ਦੇ ਸਰੋਕਾਰਾਂ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਏਆਈ ਐਪਲੀਕੇਸ਼ਨਾਂ ਰਾਹੀਂ ਗੁਰਬਾਣੀ, ਸਿੱਖ ਇਤਿਹਾਸ, ਗੁਰਮਤਿ ਸਿਧਾਂਤ ਤੇ ਫਲਸਫੇ ਬਾਰੇ ਵੀ ਗਲਤ ਜਾਣਕਾਰੀ ਲੋਕਾਂ ਨੂੰ ਮੁਹੱਈਆ ਕਰਵਾਉਂਣ ਦੇ ਮਾਮਲੇ ਸਾਹਮਣੇ ਆਏ ਹਨ। ਜਥੇਦਾਰ ਗੜਗੱਜ ਨੇ ਆਮ ਲੋਕਾਂ ਤੇ ਸਮੂਹ ਸਿੱਖ ਸੰਗਤ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਜਦੋਂ ਕੋਈ ਸ਼ਰਾਰਤੀ ਅਨਸਰ ਇਤਰਾਜ਼ਯੋਗ ਵੀਡੀਓ ਅਪਲੋਡ ਕਰਦਾ ਹੈ ਤਾਂ ਉਸ ਦੇ ਸਕ੍ਰੀਨਸ਼ਾਟ ਜਾਂ ਵੀਡੀਓ ਨੂੰ ਅਗਾਂਹ ਸਾਂਝਾ ਨਾ ਕੀਤਾ ਜਾਵੇ ਤੇ ਨਾ ਹੀ ਆਪਣੇ ਨਿੱਜੀ ਸੋਸ਼ਲ ਮੀਡੀਆ ਖਾਤਿਆਂ ਉੱਤੇ ਇਤਰਾਜ਼ ਪ੍ਰਗਟਾਉਣ ਲਈ ਉਸ ਸਮੱਗਰੀ ਨੂੰ ਪਾਇਆ ਜਾਵੇ। ਬਲਕਿ ਸੂਝ-ਬੂਝ ਦਿਖਾਉਂਦਿਆਂ ਜਿੱਥੇ ਕਿਤੇ ਵੀ ਅਜਿਹੀ ਇਤਰਾਜ਼ਯੋਗ ਸਮੱਗਰੀ ਪਈ ਹੋਵੇ, ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਹੀ ਇਸ ਦੀ ਰਿਪੋਰਟ ਕੀਤੀ ਜਾਵੇ, ਜਿਸ ਨਾਲ ਇਹ ਸਮੱਗਰੀ ਅਗਾਂਹ ਨਹੀਂ ਫ਼ੈਲੇਗੀ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਕਿ ਜਲਦ ਹੀ ਸਿੱਖ ਸੰਸਥਾ ਵੱਲੋਂ ਏਆਈ ਤਕਨੀਕ ਦੇ ਮਾਹਰਾਂ ਨਾਲ ਵਿਸ਼ੇਸ਼ ਇਕੱਤਰਤਾ ਕੀਤੀ ਜਾਵੇ ਅਤੇ ਪੁੱਜੀ ਰਾਏ ਅਨੁਸਾਰ ਇਸ ਨਵੇਂ ਵਰਤਾਰੇ ਨੂੰ ਠੱਲ੍ਹਣ ਦਾ ਕੰਮ ਨੀਤੀਗਤ ਢੰਗ ਨਾਲ ਕੀਤਾ ਜਾਵੇ। ਉਨ੍ਹਾਂ ਸਮੂਹ ਸਿੱਖ ਏਆਈ ਮਾਹਰਾਂ ਤੇ ਇਸ ਖੇਤਰ ਵਿਚ ਕੰਮ ਕਰ ਰਹੇ ਸਿੱਖਾਂ ਨੂੰ ਅਪੀਲ ਕੀਤੀ ਕਿ ਇਸ ਵਰਤਾਰੇ ਨੂੰ ਠੱਲ੍ਹਣ ਲਈ ਉਹ ਆਪਣੇ ਕੀਮਤੀ ਸੁਝਾਅ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਪਾਸ ਅਧਿਕਾਰਤ ਈ-ਮੇਲ ਉੱਤੇ ਜ਼ਰੂਰ ਭੇਜਣ।