ਸੋਨੂੰ ਨੂੰ ਤਿੰਨ ਸਾਲ ਦੀ ਕੈਦ, ਜੁਰਮਾਨੇ ਦੀ ਅਦਾਇਗੀ ਨਾ ਕਰਨ ‘ਤੇ ਵਧੇਗੀ ਸਜ਼ਾ
ਮੋਹਾਲੀ
ਇਕ ਹਾਈ-ਪ੍ਰੋਫ਼ਾਈਲ ਆਰਮਜ਼ ਐਕਟ ਮਾਮਲੇ ਵਿਚ, ਮੋਹਾਲੀ ਦੀ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਅਸੀਮ ਉਰਫ਼ ਹਾਸ਼ਮ ਬਾਬਾ, ਦੀਪਕ ਅਤੇ ਵਿਕਰਮ ਸਿੰਘ ਉਰਫ਼ ਵਿੱਕੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ। ਇਸ ਨਾਲ ਹੀ ਸੋਨੂੰ ਨਾਂ ਦੇ ਵਿਅਕਤੀ ਨੂੰ ਦੋਸ਼ੀ ਠਹਿਰਾਉਂਦੇ ਹੋਏ, ਤਿੰਨ ਸਾਲ ਦੀ ਕੈਦ ਅਤੇ ਜੁਰਮਾਨਾ ਸੁਣਾਇਆ। ਅਦਾਲਤ ਨੇ ਕਿਹਾ ਕਿ ਜੇਕਰ ਸੋਨੂੰ ਜੁਰਮਾਨਾ ਅਦਾ ਕਰਨ ਵਿਚ ਅਸਫ਼ਲ ਰਹਿੰਦਾ ਹੈ, ਤਾਂ ਉਸ ਦੀ ਸਜ਼ਾ ਇਕ ਮਹੀਨੇ ਲਈ ਵਧਾ ਦਿਤੀ ਜਾਵੇਗੀ। ਇਹ ਕੇਸ 2022 ਵਿਚ ਮੋਹਾਲੀ ਦੇ ਸੋਹਾਣਾ ਪੁਲਿਸ ਥਾਣੇ ਵਿਚ ਦਰਜ ਕੀਤਾ ਗਿਆ ਸੀ। ਅਦਾਲਤ ਦੀ ਸੁਣਵਾਈ ਦੌਰਾਨ, ਇਸਤਗਾਸਾ ਪੱਖ ਚਾਰ ਮੁਲਜ਼ਮਾਂ ਵਿਰੁਧ ਦੋਸ਼ ਸਾਬਤ ਕਰਨ ਵਿਚ ਅਸਫ਼ਲ ਰਿਹਾ, ਜਦੋਂ ਕਿ ਸੋਨੂੰ ਦੇ ਮਾਮਲੇ ਵਿਚ ਲੋੜੀਂਦੇ ਸਬੂਤ ਪੇਸ਼ ਕੀਤੇ ਗਏ ਸਨ। ਲਾਰੈਂਸ ਬਿਸ਼ਨੋਈ ਦੀ ਨੁਮਾਇੰਦਗੀ ਕਰ ਰਹੇ ਵਕੀਲ ਕਰਨ ਸੌਫਤ ਨੇ ਦਲੀਲ ਦਿਤੀ ਕਿ ਇਸ ਮਾਮਲੇ ਵਿਚ ਜਾਂਚ ਅਧਿਕਾਰੀ ਅਦਾਲਤ ਵਿਚ ਅਪਣੀ ਗਵਾਹੀ ਪੂਰੀ ਕਰਨ ਵਿਚ ਅਸਮਰੱਥ ਸੀ ਅਤੇ ਇਸ ਲਈ, ਉਸ ਦੀ ਅੰਸ਼ਕ ਗਵਾਹੀ ਸਬੂਤ ਵਜੋਂ ਸਵੀਕਾਰਯੋਗ ਨਹੀਂ ਸੀ। ਇਸ ਤੋਂ ਬਾਅਦ, ਇਸਤਗਾਸਾ ਪੱਖ ਨੇ ਐਸਆਈ ਦੀਪਕ ਸਿੰਘ ਨੂੰ ਗਵਾਹ ਵਜੋਂ ਪੇਸ਼ ਕੀਤਾ। ਉਹ ਜ਼ਬਤੀ ਦੇ ਗਵਾਹਾਂ ਵਿਚੋਂ ਇਕ ਸੀ ਅਤੇ ਅਦਾਲਤ ਨੂੰ ਦਸਿਆ ਕਿ ਉਸ ਦੀ ਗ੍ਰਿਫ਼ਤਾਰੀ ਦੌਰਾਨ ਸੋਨੂੰ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਸੀ।