ਕੋਲਕਾਤਾ :
ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੁਰਗਾਪੁਰ ਵਿਚ ਨਿੱਜੀ ਮੈਡੀਕਲ ਕਾਲਜ ਦੀ ਐੱਮਬੀਬੀਐੱਸ ਦੀ ਦੂਜੀ ਸਾਲ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਦੀ ਘਟਨਾ ’ਤੇ ਐਤਵਾਰ ਨੂੰ ਕਿਹਾ ਕਿ ਵਿਦਿਆਰਥਣਾਂ ਨੂੰ ਹੋਸਟਲ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਦੇਰ ਰਾਤ ਬੇਵਜ੍ਹਾ ਬਾਹਰ ਨਹੀਂ ਨਿਕਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਰਾਤ ਨੂੰ ਘੁੰਮਣ-ਫਿਰਨ ’ਤੇ ਕੋਈ ਪਾਬੰਦੀ ਨਹੀਂ ਪਰ ਇਹ ਸਿਰਫ਼ ਮੇਰੀ ਅਪੀਲ ਹੈ। ਹੜ੍ਹ ਪ੍ਰਭਾਵਿਤ ਉੱਤਰੀ ਬੰਗਾਲ ਦੇ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਕੋਲਕਾਤਾ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਮਤਾ ਨੇ ਸਵਾਲ ਕੀਤਾ ਕਿ ਰਾਤ 12:30 ਵਜੇ ਵਿਦਿਆਰਥਣ ਕਾਲਜ ਕੰਪਲੈਕਸ ’ਚੋਂ ਬਾਹਰ ਕਿਵੇਂ ਗਈ? ਮੁੱਖ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਿਸ ਮੈਡੀਕਲ ਕਾਲਜ ਵਿਚ ਵਿਦਿਆਰਥਣ ਪੜ੍ਹ ਰਹੀ ਸੀ, ਉਸ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਉਸ ਅਦਾਰੇ ਦੀ ਹੈ। ਪੁਲਿਸ ਹਰ ਵਿਅਕਤੀ ਦੀ ਆਵਾਜਾਈ ’ਤੇ ਨਜ਼ਰ ਨਹੀਂ ਰੱਖ ਸਕਦੀ। ਉਹ ਹਰ ਘਰ ਦੇ ਬਾਹਰ ਪਹਿਰਾ ਨਹੀਂ ਦੇ ਸਕਦੇ। ਇਹ ਘਟਨਾ ਹੈਰਾਨ ਕਰਨ ਵਾਲੀ ਹੈ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਪੀੜਤ ਵਿਦਿਆਰਥਣ ਸ਼ੁੱਕਰਵਾਰ ਰਾਤ ਆਪਣੇ ਇਕ ਦੋਸਤ ਨਾਲ ਕਾਲਜ ਦੇ ਹੋਸਟਲ ਤੋਂ ਬਾਹਰ ਖਾਣਾ ਖਾਣ ਗਈ ਸੀ। ਰਸਤੇ ਵਿਚ ਦੋ-ਤਿੰਨ ਨੌਜਵਾਨ ਉਸ ਨੂੰ ਜ਼ਬਰਦਸਤੀ ਚੁੱਕ ਕੇ ਸੁੰਨਸਾਨ ’ਤੇ ਲੈ ਗਏ ਤੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਉੱਧਰ, ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਤੇ ਬੰਗਾਲ ਵਿਚ ਪਾਰਟੀ ਦੇ ਕੇਂਦਰੀ ਸਹਿ-ਨਿਗਰਾਨ ਅਮਿਤ ਮਾਲਵੀਆ ਨੇ ਮੁੱਖ ਮੰਤਰੀ ਦੀ ਟਿੱਪਣੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਪਰਾਧੀਆਂ ਦੇ ਬਜਾਏ ਪੀੜਤਾ ਨੂੰ ਹੀ ਦੋਸ਼ੀ ਠਹਿਰਾਇਆ ਹੈ। ਮੁੱਖ ਮੰਤਰੀ ਨੇ ਵਿਦਿਆਰਥਣ ਨੂੰ ਹੀ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਮਾਮਲੇ ’ਚ ਚਾਰ ਮੁਲਜ਼ਮ ਗ੍ਰਿਫ਼ਤਾਰ, ਪੰਜਵੇਂ ਦੀ ਤਲਾਸ਼ ਜਾਰੀ
ਸਮੂਹਿਕ ਜਬਰ ਜਨਾਹ ਮਾਮਲੇ ਵਿਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਨਿਚਰਵਾਰ ਰਾਤ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਸ਼ੇਖ ਰਿਆਜ਼ੁਦੀਨ ਉਰਫ ਮੰਟੂ, ਫਿਰਦੌਸ ਸ਼ੇਖ ਅਤੇ ਅਪੂ ਬਾਉਰੀ ਨੂੰ ਪੁਲਿਸ ਨੇ ਐਤਵਾਰ ਨੂੰ ਦੁਰਗਾਪੁਰ ਅਦਾਲਤ ਵਿਚ ਪੇਸ਼ ਕੀਤਾ। ਮੁਲਜ਼ਮਾਂ ਵੱਲੋਂ ਅਦਾਲਤ ਵਿਚ ਕਿਸੇ ਵਕੀਲ ਨੇ ਪੈਰਵੀ ਨਹੀਂ ਕੀਤੀ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਪੁੱਛਗਿੱਛ ਲਈ 10 ਦਿਨਾ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਐਤਵਾਰ ਦੁਪਹਿਰ ਚੌਥੇ ਮੁਲਜ਼ਮ ਨਸੀਰੁਦੀਨ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੰਜਵੇਂ ਦੀ ਤਲਾਸ਼ ਵਿਚ ਪੁਲਿਸ ਛਾਪੇ ਮਾਰ ਰਹੀ ਹੈ। ਐਤਵਾਰ ਨੂੰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਸੀ। ਰਸਤੇ ਵਿਚ ਖੜ੍ਹੇ ਇਕ 50 ਸਾਲਾ ਵਿਅਕਤੀ ਨੇ ਇਕ ਮੁਲਜ਼ਮ ਨੂੰ ਥੱਪੜ ਮਾਰ ਦਿੱਤਾ। ਵਿਦਿਆਰਥਣ ਦੇ ਪਿਤਾ ਹੁਣ ਆਪਣੀ ਧੀ ਨੂੰ ਪੜ੍ਹਾਈ ਲਈ ਓਡੀਸ਼ਾ ਲਿਜਾਣਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਲਈ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਹੈ। ਪੁਲਿਸ ਨੇ ਪੀੜਤਾ ਦੇ ਸਾਥੀ ਵਾਸਿਫ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਰੱਖਿਆ ਹੈ। ਦੂਜੇ ਪਾਸੇ, ਐਤਵਾਰ ਨੂੰ ਘਟਨਾ ਦੇ ਵਿਰੋਧ ਵਿਚ ਭਾਜਪਾ, ਕਾਂਗਰਸ ਤੇ ਅਭਯਾ ਮੰਚ ਨੇ ਦੁਰਗਾਪੁਰ ਵਿਚ ਵੱਖ-ਵੱਖ ਵਿਰੋਧ-ਮੁਜ਼ਾਹਰੇ ਕੀਤੇ।