ਮਹਿਲਾਵਾਂ ਨੇ ਯੂਗਾਂਡਾ ਅਤੇ ਪੁਰਸ਼ਾਂ ਨੇ ਮਲੇਸ਼ੀਆ ਨੂੰ ਹਰਾਇਆ; ਕੈਨੇਡਾ ਤੇ ਇੰਗਲੈਂਡ ਨੇ ਵੀ ਦਰਜ ਕੀਤੀਆਂ ਵੱਡੀਆਂ ਜਿੱਤਾਂ
ਅਹਿਮਦਾਬਾਦ MAJOR TIME

: ਰਾਸ਼ਟਰਮੰਡਲ ਕਬੱਡੀ ਚੈਂਪੀਅਨਸ਼ਿਪ ਵਿੱਚ ਭਾਰਤੀ ਮਹਿਲਾ ਅਤੇ ਪੁਰਸ਼ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪੋ-ਆਪਣੇ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ। ਮਹਿਲਾ ਟੀਮ ਨੇ ਯੂਗਾਂਡਾ ਨੂੰ 41-18 ਨਾਲ ਮਾਤ ਦਿੱਤੀ, ਜਦਕਿ ਪੁਰਸ਼ ਟੀਮ ਨੇ ਮਲੇਸ਼ੀਆ ਨੂੰ 37-23 ਨਾਲ ਹਰਾ ਕੇ ਆਪਣੀ ਜਿੱਤ ਦਰਜ ਕੀਤੀ।
ਮਹਿਲਾ ਵਰਗ ਵਿੱਚ ਭਾਰਤੀ ਖਿਡਾਰਨਾਂ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ। ਕਪਤਾਨ ਨਿਧੀ ਸ਼ਰਮਾ ਨੇ 9 ਅੰਕ ਹਾਸਲ ਕਰਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਸਾਖੀ ਨੇ 8 ਅਤੇ ਅਨੂ ਨੇ 7 ਅੰਕ ਜੋੜੇ। ਭਾਰਤ ਨੇ ਰੇਡਿੰਗ ਰਾਹੀਂ 25 ਅਤੇ ਟੈਕਲ ਰਾਹੀਂ 11 ਅੰਕ ਹਾਸਲ ਕੀਤੇ, ਜਦਕਿ ਆਲ-ਆਊਟ ਤੋਂ ਵੀ 4 ਅੰਕ ਮਿਲੇ।
ਪੁਰਸ਼ ਵਰਗ ਵਿੱਚ ਭਾਰਤੀ ਟੀਮ ਨੇ ਮਲੇਸ਼ੀਆ ਵਿਰੁੱਧ 14 ਅੰਕਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਨੀਰਜ ਨਰਵਾਲ ਨੇ ਚਾਰ ਬੋਨਸ ਅੰਕਾਂ ਸਮੇਤ ਕੁੱਲ 13 ਅੰਕ ਬਣਾਏ। ਭਰਤ ਨੇ 6 ਰੇਡ ਅੰਕ, ਆਦਿਤਿਆ ਸ਼ਿੰਦੇ ਨੇ 5 ਅਤੇ ਨਵੀਨ ਕੁਮਾਰ ਨੇ 3 ਰੇਡ ਅੰਕ ਹਾਸਲ ਕਰਕੇ ਟੀਮ ਦੀ ਜਿੱਤ ਵਿੱਚ ਯੋਗਦਾਨ ਪਾਇਆ।
ਕੈਨੇਡਾ ਨੇ ਆਸਟ੍ਰੇਲੀਆ ਨੂੰ ਵੱਡੇ ਫਰਕ ਨਾਲ ਹਰਾਇਆ
ਇੱਕ ਹੋਰ ਮੁਕਾਬਲੇ ਵਿੱਚ ਕੈਨੇਡਾ ਨੇ ਆਸਟ੍ਰੇਲੀਆ ਨੂੰ 74-28 ਨਾਲ ਕਰਾਰੀ ਹਾਰ ਦੇ ਕੇ ਗਰੁੱਪ ਬੀ ਵਿੱਚ ਆਪਣਾ ਖਾਤਾ ਖੋਲ੍ਹਿਆ। ਕੈਨੇਡਾ ਟੂਰਨਾਮੈਂਟ ਵਿੱਚ ਇੱਕ ਮੈਚ ਦੌਰਾਨ 70 ਤੋਂ ਵੱਧ ਅੰਕ ਹਾਸਲ ਕਰਨ ਵਾਲੀ ਪਹਿਲੀ ਪੁਰਸ਼ ਟੀਮ ਬਣੀ। ਅਨਮੋਲ ਠਾਕੁਰ ਨੇ 18 ਅਤੇ ਮਨਪ੍ਰੀਤ ਸਿੰਘ ਨੇ 15 ਅੰਕ ਬਣਾਏ। ਆਸਟ੍ਰੇਲੀਆ ਵੱਲੋਂ ਦਿਵਜੋਤ ਸਿੰਘ ਨੇ 11 ਅੰਕ ਹਾਸਲ ਕੀਤੇ।
ਸ਼੍ਰੀਲੰਕਾ ਦੀ ਰੋਮਾਂਚਕ ਜਿੱਤ
ਸ਼੍ਰੀਲੰਕਾ ਅਤੇ ਯੂਗਾਂਡਾ ਵਿਚਕਾਰ ਹੋਏ ਮੁਕਾਬਲੇ ਵਿੱਚ ਸਖ਼ਤ ਟੱਕਰ ਦੇਖਣ ਨੂੰ ਮਿਲੀ। ਸ਼੍ਰੀਲੰਕਾ ਨੇ ਸ਼ਾਨਦਾਰ ਵਾਪਸੀ ਕਰਦਿਆਂ ਯੂਗਾਂਡਾ ਨੂੰ 36-34 ਨਾਲ ਹਰਾਇਆ। ਇਸ ਜਿੱਤ ਨਾਲ ਸ਼੍ਰੀਲੰਕਾ ਨੇ ਲਗਾਤਾਰ ਤੀਜੀ ਜਿੱਤ ਦਰਜ ਕਰਕੇ ਆਪਣਾ ਅਜੇਤੂ ਸਫ਼ਰ ਜਾਰੀ ਰੱਖਿਆ। ਚਤੁਰੰਗਾ ਨੇ 11 ਅੰਕ ਬਣਾਏ, ਜਦਕਿ ਯੂਗਾਂਡਾ ਦੇ ਡਗਲਸ ਮੁਲਾਲਿਰਾ ਨੇ 8 ਅੰਕ ਹਾਸਲ ਕੀਤੇ।
ਇੰਗਲੈਂਡ ਅਤੇ ਨਾਈਜੀਰੀਆ ਦੀਆਂ ਮਹਿਲਾ ਟੀਮਾਂ ਨੇ ਵੀ ਦਿਖਾਇਆ ਦਮ
ਪੁਰਸ਼ ਵਰਗ ਦੇ ਇੱਕ ਹੋਰ ਮੁਕਾਬਲੇ ਵਿੱਚ ਇੰਗਲੈਂਡ ਨੇ ਨਾਈਜੀਰੀਆ ਨੂੰ 68-18 ਨਾਲ ਹਰਾ ਕੇ ਇਕਤਰਫ਼ਾ ਜਿੱਤ ਹਾਸਲ ਕੀਤੀ। ਇੰਗਲੈਂਡ ਨੇ ਆਲ-ਆਊਟ ਰਾਹੀਂ 10 ਅੰਕ ਪ੍ਰਾਪਤ ਕੀਤੇ ਅਤੇ ਵਿਰੋਧੀ ਟੀਮ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ।
ਮਹਿਲਾ ਵਰਗ ਵਿੱਚ ਨਾਈਜੀਰੀਆ ਨੇ ਸਿੰਗਾਪੁਰ ਨੂੰ 43-20 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਹਾਰ ਨਾਲ ਸਿੰਗਾਪੁਰ ਦੀ ਮਹਿਲਾ ਟੀਮ ਨੂੰ ਲਗਾਤਾਰ ਤੀਜੀ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਉੱਧਰ, ਸ਼੍ਰੀਲੰਕਾ ਦੀ ਮਹਿਲਾ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਨੂੰ 65-16 ਨਾਲ ਵੱਡੇ ਫਰਕ ਨਾਲ ਹਰਾਇਆ।
