ਲੁਧਿਆਣਾ :
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕੀਤੇ ਤਾਜੇ ਸਰਵੇਖਣ ਦੌਰਾਨ ਝੋਨੇ ਦੇ ਕੁੱਝ ਖੇਤਾਂ ਵਿੱਚ ਭੂਰੇ ਟਿੱਡੇ ਦਾ ਹਮਲਾ ਵੇਖਣ ਨੂੰ ਮਿਲ ਰਿਹਾ ਹੈ, ਜਿਸ ਲਈ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਕੀਟ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮੁਖੀ ਡਾ. ਮਨਮੀਤ ਕੌਰ ਭੁੱਲਰ ਨੇ ਦੱਸਿਆ ਕਿ ਇਸ ਕੀੜੇ ਦੇ ਬੱਚੇ ਤੇ ਬਾਲਗ ਬੂਟਿਆਂ ਦਾ ਰਸ ਚੂਸਦੇ ਹਨ। ਹਮਲੇ ਵਜੋਂ ਬੂਟੇ ਦੇ ਪੱਤੇ ਉੱਪਰਲੇ ਸਿਰਿਆਂ ਵੱਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਕਈ ਵਾਰ ਹਮਲੇ ਵਾਲੇ ਪੱਤਿਆਂ ’ਤੇ ਕਾਲੀ ਉੱਲ਼ੀ ਵੀ ਲੱਗ ਜਾਂਦੀ ਹੈ। ਹਮਲੇ ਵਾਲੇ ਬੂਟੇ ਸੁੱਕਣ ਕਾਰਨ ਟਿੱਡੇ ਲਾਗਲੇ ਨਰੋਏ ਬੂਟਿਆਂ ’ਤੇ ਚਲੇ ਜਾਂਦੇ ਹਨ ਅਤੇ ਇਸ ਤਰ੍ਹਾਂ ਬੂਟੇ ਦੌਗੀਆਂ/ਧੌੜੀਆਂ ’ਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਹਮਲਾ ਵੱਧਣ ਨਾਲ ਇਨ੍ਹਾਂ ਦੌਗੀਆਂ/ਧੌੜੀਆਂ ਦੇ ਘੇਰਿਆਂ ਦੇ ਆਕਾਰ ਵੀ ਵੱਧਦੇ ਰਹਿੰਦੇ ਹਨ ਅਤੇ ਹੌਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ। ਕਿਸਾਨਾਂ ਨੂੰ ਇਸ ਕੀੜੇ ਦੇ ਹਮਲੇ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ ਤੇ ਇਸ ਕੀੜੇ ਦੇ ਹਮਲੇ ਨੂੰ ਖੇਤਾਂ ’ਚ ਵੇਖਣ ਲਈ ਕਿਸਾਨ ਕੁੱਝ ਕੁ ਬੂਟਿਆਂ ਨੂੰ ਟੇਢੇ ਕਰ ਕੇ ਹੇਠਾਂ ਤੋਂ 2-3 ਵਾਰੀ ਝਾੜਨ ਤੇ ਜੇਕਰ ਪ੍ਰਤੀ ਬੂਟਾ 5 ਜਾਂ ਵੱਧ ਟਿੱਡੇ ਪਾਣੀ ’ਤੇ ਤਰਦੇ ਨਜ਼ਰ ਆਉਣ ਤਾਂ ਫ਼ਸਲ ’ਤੇ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਕਰਨ। ਕਿਸਾਨ ਵੀਰ ਇਸ ਕੀੜੇ ਦੀ ਆਮਦ ਖੇਤਾਂ ਕੋਲ ਬੱਲਬ ਜਗ੍ਹਾ ਕੇ ਕਰ ਸਕਦੇ ਹਨ, ਕਿਉਂਕਿ ਇਹ ਕੀੜੇ ਲਾਈਟ ਵੱਲ ਬਹੁਤ ਆਕਰਸ਼ਿਤ/ਖਿੱਚੇ ਜਾਂਦੇ ਹਨ। ਇਸਦੀ ਰੋਕਥਾਮ ਲਈ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਥਾਪੜੋ/ਝਾੜੋ। ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉੱਤੇ ਤਰਦੇ ਦਿਖਾਈ ਦੇਣ ਤਾਂ ਕਿਸੇ ਇੱਕ ਕੀਟਨਾਸ਼ਕ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਬੂਟਿਆਂ ਦੇ ਟਿੱਡਿਆਂ ਦੀ ਰੋਕਥਾਮ ਲਈ ਸਿਫਾਰਸ਼ ਕੀਟਨਾਸ਼ਕ ਜ਼ਹਿਰ ਮਾਰਕਾ ਮਾਤਰਾ ਪ੍ਰਤੀ ਏਕੜ ਅਜ਼ੈਡੀਰੈਕਟਿਨ 5 ਫੀਸਦ, ਇਕੋਟਿਨ 80 ਮਿਲੀਲਿਟਰ, ਫਲੋਨਿਕਾਮਿਡ ਉਲਾਲਾ 50 ਡਬਲਯੂ ਜੀ 60 ਗ੍ਰਾਮ, ਟ੍ਰਾਈਫਲੂਮੀਜ਼ੋਪਾਇਰਮ ਪੈਕਸਾਲੋਨ 10 ਐਸਸੀ 94 ਮਿਲੀਲਿਟਰ, ਡਾਇਨੋਟੈਫੂਰਾਨ ਟੋਕਨ/ ਓਸ਼ੀਨ/ਡੋਮਿਨੇਂਟ 20 ਐਸਜੀ 80 ਗ੍ਰਾਮ, ਪਾਈਮੈਟਰੋਜ਼ਿਨ ਚੈੱਸ 50 ਡਬਲਯੂ ਜੀ 120 ਗ੍ਰਾਮ, ਬੈਂਜ਼ਪਾਇਰੀਮੋਕਸਾਨ ਆਰਕੈਸਟਰਾ 10 ਐੱਸਸੀ 400 ਮਿਲੀਲਿਟਰ, ਫਲੂਪਾਇਰੀਮਿਨ ਇਮੇਜਿਨ/ਵਿਓਲਾ 10 ਐਸਸੀ 300 ਮਿਲੀਲਿਟਰ, ਕੁਇਨਲਫਾਸ ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈਸੀ 800 ਮਿਲੀਲਿਟਰ ਪਾਓ। ਮਾਹਿਰਾਂ ਵੱਲੋਂ ਦਿੱਤੀਆਂ ਚਿਤਾਵਨੀਆਂ ਅਨੁਸਾਰ ਛਿੜਕਾਅ ਕਰਨ ਵੇਲੇ ਪੰਪ ਦੇ ਫ਼ੁਹਾਰੇ ਦਾ ਰੁੱਖ਼ ਬੂਟਿਆਂ ਦੇ ਮੁੱਢਾਂ ਵੱਲ ਰੱਖੋ ਤਾਂ ਜੋ ਛਿੜਕਾਅ ਬੂਟਿਆਂ ਦੇ ਮੁੱਢਾਂ ਤੇ ਜ਼ਰੂਰ ਪਵੇ ਜਿੱਥੇ ਇਹ ਕੀੜੇ ਵਧੇਰੇ ਹੁੰਦੇ ਹਨ। ਜੇ ਕੀੜੇ ਦਾ ਹਮਲਾ ਦੌਗੀਆਂ/ ਧੌੜੀਆਂ ਵਿੱਚ ਹੋਵੇ ਤਾਂ ਕੀਟਨਾਸ਼ਕ ਦਾ ਛਿੜਕਾਅ ਸਾਰੇ ਖੇਤ ਦੀ ਬਜਾਏ ਅਜਿਹੀਆਂ ਦੌਗੀਆਂ/ ਧੌੜੀਆਂ ਉੱਪਰ ਅਤੇ ਇਨ੍ਹਾਂ ਦੇ ਆਲੇ-ਦੁਆਲੇ 3-4 ਮੀਟਰ ਦੇ ਘੇਰੇ ਅੰਦਰ ਆਉਂਦੇ ਤੰਦਰੁਸਤ ਬੂਟਿਆਂ ਤੇ ਹੀ ਕਰੋ ਕਿਉਂ ਕਿ ਟਿੱਡਿਆਂ ਦੀ ਜ਼ਿਆਦਾ ਗਿਣਤੀ ਇਨ੍ਹਾਂ ਥਾਵਾਂ ’ਤੇ ਹੀ ਹੁੰਦੀ ਹੈ।