ਜਲੰਧਰ :
ਚੁਗਿੱਟੀ ਫਲਾਈਓਵਰ ਤੇ ਬੀਬੀਐੱਮਬੀ ਦੇ ਸਾਹਮਣੇ ਸ਼ੁੱਕਰਵਾਰ ਸਵੇਰੇ ਇਕ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਡਿਵਾਈਡਰ ਪਾਰ ਕਰਦੇ ਸਮੇਂ ਇਕ ਤੇਜ਼ ਰਫ਼ਤਾਰ ਪਿਕਅੱਪ ਗੱਡੀ ਪਲਟ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਟ੍ਰੈਫਿਕ ਪੁਲਿਸ ਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਨੂੰ ਸੂਚਿਤ ਕੀਤਾ। ਜਿਨ੍ਹਾਂ ਨੇ ਮੌਕੇ ’ਤੇ ਪੁੱਜ ਕੇ ਕਰੇਨ ਸੱਦੀ ਤੇ ਗੱਡੀ ਨੂੰ ਸੜਕ ਤੋਂ ਹਟਾਇਆ ਤੇ ਜਾਮ ਖੁਲ੍ਹਵਾਇਆ।ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜੇ ਕੋਈ ਵਾਹਨ ਤੇਜ਼ ਰਫ਼ਤਾਰ ਨਾਲ ਆਉਂਦਾ ਹੁੰਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਡਰਾਈਵਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਸ਼ੇਖੇ ਦੇ ਨੇੜਿਓਂ ਗੱਡੀ ’ਚ ਦੇਸੀ ਘਿਓ ਲੱਦਿਆ ਸੀ ਅਤੇ ਪਟਿਆਲਾ ਵਾਪਸ ਆਉਣਾ ਸੀ। ਜਿਵੇਂ ਹੀ ਉਹ ਚੁਗਿੱਟੀ ਫਲਾਈਓਵਰ ਤੋਂ ਹੇਠਾਂ ਉੱਤਰਿਆ, ਅਚਾਨਕ ਇਕ ਕੁੱਤਾ ਸਾਹਮਣੇ ਆ ਗਿਆ ਅਤੇ ਗੱਡੀ ਬੇਕਾਬੂ ਹੋ ਗਈ। ਰੋਡ ਸੇਫਟੀ ਫੋਰਸ ਦੀ ਟੀਮ ਨੇ ਲਗਪਗ ਇਕ ਘੰਟੇ ਦੀ ਮਿਹਨਤ ਤੋਂ ਬਾਅਦ ਗੱਡੀ ਨੂੰ ਹਾਈਵੇ ਤੋਂ ਹਟਾਇਆ ਤੇ ਆਵਾਜਾਈ ਸੁਚਾਰੂ ਕਰਵਾਈ। ਦੇਸੀ ਘਿਓ ਕੰਪਨੀ ਦੇ ਮਾਲਕ ਜਸਵੰਤ ਨੂੰ ਵੀ ਮੌਕੇ ’ਤੇ ਸੱਦਿਆ ਗਿਆ ਸੀ।