ਸੰਤ ਰਵਿਦਾਸ ਐਕਸਪ੍ਰੈਸ ਟਰੇਨ ਨੂੰ ਦਿਖਾਈ ਹਰੀ ਝੰਡੀ
5,470 ਕਰੋੜ ਰੁਪਏ ਦੇ ਰੇਲ ਤੇ ਸੜਕ ਪ੍ਰੋਜੈਕਟਾਂ ਦੀ ਵੱਡੀ ਸੌਗ਼ਾਤ ਦਿੱਤੀ
ਦੇਸ਼ ਨੂੰ ਸੌਂਪੇ 75 ਸਟੇਸ਼ਨ, ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਨਵੀਨੀਕਰਣ ਦਾ ਵੀ ਕੀਤਾ ਉਦਘਾਟਨ
ਜਲੰਧਰ : ,major times
ਪੀਐਮ ਨਰਿੰਦਰ ਮੋਦੀ ਹਰਿਆਣਾ ਦੇ ਜੀਂਦ ਵਿੱਚ ਦੇਸ਼ ਦੀ ਪਹਿਲੀ ਹਾਈਡਰੋਜਨ ਟਰੇਨ ਨੂੰ ਹਰੀ ਝੰਡੀ ਦਿਖਾਉਣ ਅਤੇ ਪੀਜੀਆਈ ਵਿੱਚ 10 ਪ੍ਰੋਜੈਕਟਾਂ ਦਾ ਨੀਂਹ ਪੱਥਰ ਤੇ ਉਦਘਾਟਨ ਕਰਨ ਤੋਂ ਬਾਅਦ ਜਲੰਧਰ ਪਹੁੰਚੇ। ਜਲੰਧਰ ਵਿੱਚ ਉਨ੍ਹਾਂ ਨੇ ਰਿਮੋਟ ਦਾ ਬਟਨ ਦਬਾ ਕੇ ਜਲੰਧਰ ਕੈਂਟ ਸਮੇਤ 75 ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ-ਵਾਰਾਣਸੀ ਲਈ ਟਰੇਨ ਨੂੰ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਥੇ ਅੰਗਰੇਜ਼ਾਂ ਸਮੇਂ ਦੇ ਬਣੇ 110 ਸਾਲ ਪੁਰਾਣੇ 125 ਕਰੋੜ ਦੀ ਲਾਗਤ ਨਾਲ ਕੈਂਟ ਸਟੇਸ਼ਨ ਸਮੇਤ 75 ਸਟੇਸ਼ਨਾਂ ਦੇ ਹੋਏ ਨਵੀਨੀਕਰਨ ਦਾ ਉਦਘਾਟਨ ਕੀਤਾ, ਉਥੇ 5470 ਕਰੋੜ ਦੇ ਵੱਖ-ਵੱਖ ਪ੍ਰੋਜੈਕਟਾਂ ਦੀ ਸੌਗ਼ਾਤ ਵੀ ਪੰਜਾਬੀਆਂ ਨੂੰ ਦਿੱਤੀ। ਪ੍ਰਧਾਨ ਮੰਤਰੀ ਨੇ ਰਿਮੋਟ ਦਾ ਬਟਨ ਦਬਾਅ ਕੇ ਕੈਂਟ ਸਮੇਤ 75 ਨਵੇਂ ਸਟੇਸ਼ਨਾਂ ਦਾ ਸਾਂਝੇ ਤੌਰ ’ਤੇ ਉਦਘਾਟਨ ਕੀਤਾ ਜਦਕਿ ਇਸ ਦੇ ਨਾਲ ਹੀ ਛੇਹਿਰਟਾ-ਅੰਮ੍ਰਿਤਸਰ ਵਾਰਾਣਸੀ ਸੰਤ ਰਵਿਦਾਸ ਐਕਸਪ੍ਰੈੱਸ ਰੇਲ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਕੁਝ ਮਿੰਟ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਵੀ ਕੀਤੀ ਤੇ ਉੱਥੇ ਮਿਲਣ ਆਏ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਨੇ ਜਲੰਧਰ ਦੌਰੇ ਦੌਰਾਨ 5,470 ਕਰੋੜ ਰੁਪਏ ਦੇ ਰੇਲ ਤੇ ਸੜਕ ਪ੍ਰੋਜੈਕਟਾਂ ਦੀ ਵੱਡੀ ਸੌਗ਼ਾਤ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਹਰੀ ਪੱਗ ਬੰਨ੍ਹ ਕੇ ਪੰਜਾਬੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਹਰੀ ਪੱਗ ਨੂੰ ਹਰੀ ਕ੍ਰਾਂਤੀ ਨਾਲ ਜੋੜਿਆ ਤੇ ਕਿਹਾ ਕਿ ਕਿਸਾਨ ਸਾਡੇ ਸਿਰ ਦਾ ਤਾਜ ਹਨ। ਇਸ ਦੇ ਜ਼ਰੀਏ ਉਨ੍ਹਾਂ ਕਿਸਾਨਾਂ ਨੂੰ ਖੁਸ਼ ਕਰਨ ਦਾ ਰਾਹ ਅਪਣਾਇਆ। ਇਸ ਮੌਕੇ ਪੀਐੱਮ ਮੋਦੀ ਨੇ ਪੰਜਾਬੀਆਂ ਨਾਲ ਪੰਜਾਬੀ ’ਚ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਪੰਜਾਬੀਓ ਕਿਵੇਂ ਓ, ਚੜ੍ਹਦੀ ਕਲਾ ਚ ਹੋ ਜਾਂ ਨਹੀਂ? ਅੱਜ ਜਲੰਧਰ ਵਿਕਾਸ ਦੇ ਉਤਸਵ ਦਾ ਸਾਥੀ ਬਣ ਰਿਹਾ ਹੈ। ਮੋਦੀ ਨੇ ਕਿਹਾ ਕਿ ਅੱਜ ਮੈਨੂੰ ਜੀਂਦ (ਹਰਿਆਣਾ) ’ਚ ਦੇਸ਼ ਦੀ ਪਹਿਲੀ ਹਾਈਡ?ਰੋਜਨ ਟ?ਰੇਨ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਮੈਨੂੰ ਕੁਰੂਕਸ਼ੇਤਰ ’ਚ ਸਿੱਖ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਣ ਦਾ ਸੁਭਾਗ ਮਿਲਿਆ ਹੈ। ਇਹ ਗੁਰੂ ਸਾਹਿਬਾਨ ਦੇ ਗਿਆਨ ਤੇ ਸਿੱਖਿਆਵਾਂ ਦੇ ਪ੍ਰਚਾਰ-ਪ੍ਰਸਾਰ ’ਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਜਲੰਧਰ ਇਕ ਸਪੋਰਟਸ ਹੱਬ ਹੈ ਇਥੇ ਸਪੋਰਟਸ ਦਾ ਬੜਾ ਵੱਡਾ ਕੰਮ ਕੀਤਾ ਜਾਂਦਾ ਹੈ। ਇਸ ਨਾਲ ਸਪੋਰਟਸ ਇੰਡਸਟਰੀ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਪੰਜਾਬ ਵਾਸੀਆਂ ਨੂੰ ਡਬਲ ਇੰਜਣ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਵਿਕਾਸ ਦੀ ਰਫਤਾਰ ਹੋਰ ਤੇਜ ਤਾਹੀਂ ਹੋਵੇਗੀ ਜੇ ਪੰਜਾਬ ਵਾਸੀ ਡਬਲ ਇੰਜਣ ਦੀ ਸਰਕਾਰ ਲਿਆਉਣਗੇ। ਇਸ ਦੌਰਾਨ ਉਨ੍ਹਾਂ ਵਿਕਾਸ ਕਾਰਜਾਂ ਨੂੰ ਵੀ ਹਰੀ ਝੰਡੀ ਦਿਖਾਈ। ਅੱਜ ਭਾਰਤ ਸਰਕਾਰ ਕਨੈਕਟੀਵਿਟੀ ਦੇ ਇੰਫਰਾਸਟ?ਰਕਚਰ ਦੇ ਅਨੇਕਾਂ ਅਜਿਹੇ ਪ੍ਰੋਜੈਕਟਾਂ ’ਤੇ ਪੰਜਾਬ ’ਚ ਕੰਮ ਕਰ ਰਹੀ ਹੈ। ਪੰਜਾਬ ’ਚ ਭਾਜਪਾ ਦੀ ਸਰਕਾਰ ਨਹੀਂ ਰਹੀ ਪਰ ਸਾਡਾ ਪੰਜਾਬ ਵਿਕਸਿਤ ਹੋਵੇ, ਇਸ ਦੇ ਲਈ ਭਾਜਪਾ ਦੀ ਐੱਨਡੀਏ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਸ਼੍ਰੀ ਗੁਰੂ ਰਵਿਦਾਸ ਜੀ ਨੇ ਸਮਾਨਤਾ ਤੇ ਸਦਭਾਵਨਾ ਦਾ ਜੋ ਸੰਦੇਸ਼ ਦਿੱਤਾ ਸੀ, ਉਸ ਨੂੰ ਤੁਸੀਂ ਸਾਰਿਆਂ ਨੇ ਆਪਣੇ ਵਿਹਾਰ ’ਚ ਢਾਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਆਪਣੀ ਨਿੱਘੀ ਸ਼ਰਧਾਂਜਲੀ ਭੇਟ ਕਰਦਾ ਹਾਂ। ਅੱਜ ਉਨ੍ਹਾਂ ਦਾ 100ਵਾਂ ਸ਼ਹੀਦੀ ਦਿਹਾੜਾ ਹੈ। ਉਨ੍ਹਾਂ ਨੇ ਅੰਗਰੇਜ਼ੀ ਹਕੂਮਤ ਦੇ ਦੌਰਾਨ ਗੁਰੂਧਾਮਾਂ ਦੀ ਰੱਖਿਆ ਲਈ ਕਈ ਵੱਡੇ ਅੰਦੋਲਨ ਕੀਤੇ। ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਆਪਣਾ ਪੂਰਾ ਜੀਵਨ ਮਾਤ-ਭੂਮੀ ਦੀ ਸੇਵਾ ’ਚ ਸਮਰਪਿਤ ਕਰ ਦਿੱਤਾ। ਅੱਜ ਤੋਂ ਸ਼ੁਰੂ ਹੋ ਰਹੇ ਉਨ੍ਹਾਂ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਤੋਂ ਸਾਨੂੰ ਸਾਰਿਆਂ ਨੂੰ ਦੇਸ਼ ਸੇਵਾ ਦੀ ਵੱਡੀ ਪ੍ਰੇਰਣਾ ਮਿਲੇਗੀ। ਕੇਂਦਰ ਦੀ ਭਾਜਪਾ ਸਰਕਾਰ ਦੀ ਵੀ ਇਹੀ ਪ੍ਰਾਥਮਿਕਤਾ ਹੈ। ਭਾਰਤ ਦੇ ਹਰ ਨਾਗਰਿਕ ਦੀ ਸੇਵਾ ਕਰਨਾ, ਉਨ੍ਹਾਂ ਨੂੰ ਅੱਗੇ ਵਧਣ ਲਈ ਨਵੇਂ-ਨਵੇਂ ਮੌਕੇ ਪ੍ਰਦਾਨ ਕਰਨਾ। ਅਸੀਂ ਨਾਗਰਿਕ ਦੇਵੋ ਭਵ ਦੇ ਮੰਤਰ ਤੇ ਚੱਲ ਰਹੇ ਹਾਂ। ਚਾਹੇ ਕੋਈ ਗਰੀਬ ਪਰਿਵਾਰ ਹੋਵੇ ਜਾਂ ਮੱਧ ਵਰਗੀ, ਹਰ ਪਰਿਵਾਰ ਨੂੰ ਬੁਨਿਆਦੀ ਸਹੂਲਤਾਂ ਮਿਲਣ, ਇਹੀ ਸਾਡਾ ਮੁੱਖ ਟੀਚਾ ਹੈ ਤੇ ਦੇਸ਼ ਦੇ ਨਾਗਰਿਕਾਂ ਦਾ ਵਿਸ਼ਵਾਸ ਸਾਡੇ ਕੰਮਾਂ ’ਚ ਸਾਫ਼ ਦਿਖਾਈ ਦਿੰਦਾ ਹੈ। 22 ਸੂਬਿਆਂ ’ਚ ਭਾਜਪਾ ਦੀ ਸਰਕਾਰ ਹੈ : ਮੋਦੀ ਉਨਾਂ ਕਿਹਾ ਕਿ 22 ਸੂਬਿਆਂ ’ਚ ਭਾਜਪਾ ਦੀ ਸਰਕਾਰ ਹੈ ਜਿੱਥੇ ਕਿ ਕੇਂਦਰ ਵੱਲੋਂ ਚਲਾਈ ਜਾ ਰਹੀ ਯੋਜਨਾ ਦੇ ਸਾਰੇ ਲਾਭ ਸਿੱਧੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵੀ ਡਬਲ ਇੰਜਨ ਦੀ ਸਰਕਾਰ ਆਉਣ ਤੋਂ ਬਾਅਦ ਜਿੰਨਿਆਂ ਯੋਜਨਾਵਾਂ ਦਾ ਲਾਭ ਦੂੱਜੇ ਸੂਬੇ ਉਠਾ ਰਹੇ ਹਨ, ਉਹ ਸਾਰੇ ਲਾਭ ਪੰਜਾਬ ’ਚ ਵੀ ਲਾਗੂ ਕੀਤੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਖਤਮ ਹੁੰਦੇ ਹੀ ਭਾਰਤ ਮਾਤਾ ਦੀ ਜੈ ਤੇ ਮੋਦੀ ਜਿੰਦਾਬਾਦ ਦੇ ਨਾਅਰਿਆਂ ਨਾਲ ਰੈਲੀ ਗੂੰਜ ਉੱਠੀ।

