ਚੰਡੀਗੜ੍ਹ : 
ਦਿੱਲੀ ਵਿਚ ਧਮਾਕੇ ਦੀ ਘਟਨਾ ਪਿੱਛੋਂ ਪੰਜਾਬ ਵਿਚ ਸੁਰੱਖਿਆ ਏਜੰਸੀਆਂ ਨੇ ਸੂਬੇ ਵਿਚ ਚੌਕਸੀ ਵਧਾ ਦਿੱਤੀ ਹੈ। ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਜਿਹੇ ਸਰਹੱਦੀ ਜ਼ਿਲਿ੍ਹਆਂ ਵਿਚ ਸਾਰੇ ਮੁੱਖ ਪ੍ਰਵੇਸ਼ ਤੇ ਨਿਕਾਸ ਮਾਰਗਾਂ ਤੇ ਚੌਕ ਚੁਰਾਹਿਆਂ ’ਤੇ ਵਾਹਨਾਂ ਤੇ ਯਾਤਰੀਆਂ ਦੀ ਜਾਂਚ ਜਾਰੀ ਹੈ। ਪੰਜਾਬ ਪੁਲਿਸ ਨੇ ਸਾਰੇ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਤੇ ਸੀਪੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਧਾਰਮਿਕ ਥਾਵਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਤੇ ਬਾਜ਼ਾਰਾਂ ’ਤੇ ਵਧੀਕ ਪੁਲਿਸ ਬਲ ਤਾਇਨਾਤ ਕੀਤਾ ਜਾਵੇ। ਬੰਬ ਨਕਾਰਾ ਕਰਨ ਵਾਲੇ ਦਸਤੇ, ਕਿਊਆਰਟੀ (ਤੁਰੰਤ ਪ੍ਰਤੀਕਿਰਿਆ ਟੀਮਾਂ), ਸੀਸੀਟੀਵੀ ਨਿਗਰਾਨੀ ਤੇ ਪੈਟਰੋਲਿੰਗ ਤੇਜ਼ ਕਰ ਦਿੱਤੀ ਗਈ ਹੈ।ਪੰਜਾਬ ਪੁਲਿਸ ਤੇ ਕੇਂਦਰੀ ਖੁਫ਼ੀਆ ਏਜੰਸੀਆਂ ਮੁਤਾਬਕ ਸਰਹੱਦ ਪਾਰ ਤੋਂ ਆਧੁਨਿਕ ਹਥਿਆਰ ਤੇ ਗੋਲਾ-ਬਾਰੂਦ ਲਗਾਤਾਰ ਭੇਜੇ ਜਾ ਰਹੇ ਹਨ। ਇਨ੍ਹਾਂ ਨੂੰ ਸਥਾਨਕ ਗਿਰੋਹਾਂ ਤੇ ਅੱਤਵਾਦੀ ਨੈੱਟਵਰਕ ਜ਼ਰੀਏ ਪੰਜਾਬ ਤੇ ਹੋਰਨਾਂ ਹਿੱਸਿਆਂ ਵਿਚ ਅਸਥਿਰਤਾ ਫੈਲਾਉਣ ਲਈ ਵਰਤੇ ਜਾਣ ਦਾ ਖ਼ਤਰਾ ਹੈ। ਜਾਂਚ ਵਿਚ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਤੇ ਅੱਤਵਾਦੀਆਂ ਦੇ ਨਾਲ ਪਾਕਿਸਤਾਨ ਸਥਿਤ ਨੈੱਟਵਰਕਾਂ, ਜਿਸ ਵਿਚ ਪੁਲਿਸ ਦੇ ਦਾਅਵਿਆਂ ਮੁਤਾਬਕ ਆਈਐੱਸਆਈ ਨਾਲ ਜੁੜੀਆਂ ਸੰਭਾਵਤ ਕੜੀਆਂ ਦੇ ਸੰਪਰਕ ਸਬੰਧੀ ਸਬੂਤ ਮਿਲ ਰਹੇ ਹਨ। ਬੀਐੱਸਐੱਫ ਤੇ ਕੇਂਦਰੀ ਖੁਫ਼ੀਆ ਇਕਾਈਆਂ ਦੇ ਨਾਲ ਤਾਲਮੇਲ ਕਰ ਕੇ ਹਰ ਸੰਪਰਕ ਦੀ ਤਹਿ ਤੱਕ ਜਾਣ ਦਾ ਕੰਮ ਚੱਲ ਰਿਹਾ ਹੈ। ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਸਰਹੱਦ ਪਾਰ ਤੋਂ ਭੇਜੇ ਜਾ ਰਹੇ ਲਾਜਿਸਟਿਕਸ ਤੇ ਫੰਡਿੰਗ ਦੇ ਜ਼ਰੀਏ ਪੰਜਾਬ ਵਿਚ ਦਹਿਸ਼ਤ ਫੈਲਾਉਣ ਦੇ ਯਤਨਾਂ ਦੇ ਠੋਸ ਸੰਕੇਤ ਮਿਲ ਰਹੇ ਹਨ। ਜਨਤਾ ਨੂੰ ਬੇਨਤੀ ਹੈ ਕਿ ਉਹ ਚੌਕਸ ਰਹਿਣ ਤੇ ਕਿਸੇ ਵੀ ਸ਼ੱਕੀ ਜਾਣਕਾਰੀ ਬਾਰੇ ਤੁਰੰਤ ਸੂਚਨਾ ਸਾਂਝੀ ਕਰਨ।
ਹਥਿਆਰ ਬਰਾਮਦਗੀ
ਪਿਛਲੇ ਛੇ ਮਹੀਨਿਆਂ ਵਿਚ ਸੂਬੇ ਵਿਚ ਕੁਲ 74 ਹਥਿਆਰ ਤੇ ਲਗਭਗ 400 ਕਾਰਤੂਸ ਬਰਾਮਦ ਕੀਤੇ ਗਏ ਹਨ। ਬਰਾਮਦ ਹਥਿਆਰਾਂ ਵਿੱਚੋਂ ਏਕੇ-47 ਤੇ ਏਕੇ-56 ਰਾਈਫਲਾਂ, ਸਬ-ਮਸ਼ੀਨਗੰਨ, 30 ਤੇ 32 ਬੋਰ ਦੀਆਂ ਪਿਸਤੌਲਾਂ, ਹੈਂਡ ਗ੍ਰਨੇਡ ਤੇ ਰਾਕੇਟ ਲਾਂਚ ਦੇ ਹਿੱਸੇ ਸ਼ਾਮਲ ਹਨ। ਸੁਰੱਖਿਆ ਜਾਂਚਾਂ ਵਿਚ ਪਾਇਆ ਗਿਆ ਹੈ ਕਿ ਇਨ੍ਹਾਂ ਵਿੱਚੋਂ 50 ਤੋਂ ਵੱਧ ਵਿਦੇਸ਼ੀ ਨਿਰਮਾਣ ਵਾਲੇ ਹਨ ਅਤੇ ਹੋਰ ਜ਼ਿਆਦਾ ਹਥਿਆਰਾਂ ਤੇ ਗੋਲਾ-ਬਾਰੂਦ ਦੀ ਸਪਲਾਈ ਡ੍ਰੋਨ ਤੇ ਤਸਕਰੀ ਮਾਰਗਾਂ ਜ਼ਰੀਏ ਕੀਤੀ ਜਾ ਰਹੀ ਸੀ।

