ਤਰਨਤਾਰਨ :
ਬਾਰਡਰ ਸਕਿਓਰਿਟੀ ਫੋਰਸ ਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਸੰਯੁਕਤ ਟੀਮ ਨੇ ਸਰਹੱਦ ਨਾਲ ਲੱਗਦੇ ਖੇਤਰ ’ਚ ਐਤਵਾਰ ਸਵੇਰੇ ਚੌਕਸੀ ਵਧਾਈ। ਇਸ ਦੌਰਾਨ ਵੱਖ-ਵੱਖ ਤਿੰਨ ਸਥਾਨਾਂ ਤੋਂ ਪੰਜ ਕਿੱਲੋ 536 ਗ੍ਰਾਮ ਹੈਰੋਇਨ ਨਾਲ ਸੰਬੰਧਤ ਕੁੱਲ ਨੌ ਪੈਕੇਟ, ਦੋ ਪਿਸਤੌਲ, ਤਿੰਨ ਬਾਈਕਾਂ, ਇਕ ਸਕਾਰਪਿਓ ਗੱਡੀ, ਚਾਰ ਮੋਬਾਈਲ, ਇਕ ਡਰੋਨ, ਪਿਸਤੌਲ ਦੇ ਪੁਰਜ਼ੇ ਤੇ ਇਕ ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਕੁੱਲ ਮਿਲਾ ਕੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਪੁੱਛਤਾਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਤਸਕਰਾਂ ਤੋਂ ਵੱਡੇ ਸੁਰਾਗ ਮਿਲ ਸਕਦੇ ਹਨ, ਜਿਨ੍ਹਾਂ ਜ਼ਰੀਏ ਸਰਹੱਦ ਪਾਰ ਹੋ ਰਹੀਆਂ ਗਤੀਵਿਧੀਆਂ ਦਾ ਪਤਾ ਲਗਾਉਣਾ ਆਸਾਨ ਹੋ ਜਾਵੇਗਾ। ਤਰਨਤਾਰਨ ਜ਼ਿਲ੍ਹੇ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਖ਼ਿਲਾਫ਼ ਮੁਕੱਦਮੇ ਦਰਜ ਕਰ ਕੇ ਪੁੱਛਤਾਛ ਕੀਤੀ ਜਾ ਰਹੀ ਹੈ। ਇਨ੍ਹਾਂ ਸਭ ਨੂੰ ਸੋਮਵਾਰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖੂਫੀਆ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ’ਚ ਬੈਠੇ ਹੈਂਡਲਰਾਂ ਵੱਲੋਂ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਨੌਜਵਾਨਾਂ ਨੂੰ ਲਾਲਚ ਦੇ ਕੇ ਉਨ੍ਹਾਂ ਨੂੰ ਨਸ਼ੇ ਦੇ ਕਾਰੋਬਾਰ ’ਚ ਧੱਕਿਆ ਜਾ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਬੀਐੱਸਐੱਫ਼ ਅਤੇ ਏਐੱਨਟੀਐੱਫ ਦੀ ਸੰਯੁਕਤ ਟੀਮ ਨੇ ਥਾਣਾ ਝੱਬਾਲ ਅਧੀਨ ਆਉਂਦੇ ਪਿੰਡ ਮਾਲੂਵਾਲ ਦੇ ਇਕ ਨਸ਼ਾ ਤਸਕਰ ਨੂੰ 504 ਗ੍ਰਾਮ ਹੈਰੋਇਨ, ਇਕ ਮੋਬਾਈਲ ਤੇ ਬਾਈਕ ਸਮੇਤ ਗ੍ਰਿਫ਼ਤਾਰ ਕੀਤਾ। ਦੂਜੀ ਮੁਹਿੰਮ ’ਚ ਵਿਧਾਮ ਸਭਾ ਹਲਕੇ ਖੇਮਕਰਨ ਦੇ ਕਸਬਾ ਸੁਰਸਿੰਘ ਤੋਂ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੇ ਕਬਜ਼ੇ ’ਚੋਂ ਹੈਰੋਇਨ ਦੇ ਨੌ ਪੈਕੇਟ (ਵਜ਼ਨ 5.32 ਕਿੱਲੋ), ਦੋ ਪਿਸਤੌਲ, ਇਕ ਸਕਾਰਪਿਓ ਗੱਡੀ (ਜਲੰਧਰ ਨਾਲ ਸਬੰਧਤ ਰਜਿਸਟ੍ਰੇਸ਼ਨ ਨੰਬਰ), ਚਾਰ ਮੋਬਾਈਲ, ਦੋ ਬਾਈਕਾਂ ਤੇ ਇਕ ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਇਹ ਸਾਰੇ ਤਸਕਰ ਗੋਇੰਦਵਾਲ ਸਾਹਿਬ ਤੇ ਕਸਬਾ ਝੱਬਾਲ ਦੇ ਪਿੰਡ ਸੋਹਲ ਦੇ ਵਾਸੀ ਹਨ।